ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 14 ਜਨਵਰੀ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੇ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਕਰੋਨਾ ਕਾਰਨ ਪ੍ਰਭਾਵਿਤ ਹੋ ਗਏ ਹਨ। ਬੋਰਡ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 15 ਜਨਵਰੀ ਨੂੰ ਐਲਾਨਿਆ ਜਾਵੇਗਾ ਪਰ ਕਰੋਨਾ ਕਾਰਨ ਸੀਬੀਐੱਸਈ ਦੇ ਦਫ਼ਤਰਾਂ ਵਿਚ ਪੂਰਾ ਸਟਾਫ ਨਹੀਂ ਆ ਰਿਹਾ ਤਾਂ ਹੁਣ ਇਹ ਨਤੀਜਾ ਅਗਲੇ ਹਫਤੇ ਜਾਰੀ ਹੋਣ ਦੀ ਸੰਭਾਵਨਾ ਹੈ।
ਸੀਬੀਐੱਸਈ ਦੇ ਮੁਹਾਲੀ ਖੇਤਰੀ ਦਫ਼ਤਰ ਦੇ ਅਧਿਕਾਰੀ ਨੇ ਦੱਸਿਆ ਕਿ ਨਤੀਜੇ ਵਿੱਚ ਦੇਰੀ ਹੋਣ ਦੀ ਹਾਲੇ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਪਰ ਕਰੋਨਾ ਕਾਰਨ ਬੋਰਡ ਦੇ ਕਈ ਦਫ਼ਤਰ ਬੰਦ ਹਨ ਤੇ ਜ਼ਿਆਦਾਤਰ ਵਿਚ 50 ਫ਼ੀਸਦੀ ਹੀ ਸਟਾਫ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿੱਚ ਭਲਕੇ ਨਤੀਜਾ ਜਾਰੀ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਨਤੀਜਾ ਭਾਵੇਂ ਦੇਰੀ ਨਾਲ ਹੈ ਪਰ ਇਹ ਅਗਲੇ ਹਫ਼ਤੇ ਕਿਸੇ ਵੇਲੇ ਵੀ ਜਾਰੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟਰਮ-1 ਦੀਆਂ ਪ੍ਰੀਖਿਆਵਾਂ ਨਵੰਬਰ ਤੇ ਦਸੰਬਰ ਵਿਚ ਲਈਆਂ ਗਈਆਂ ਸਨ ਤੇ ਬੋਰਡ ਜਮਾਤਾਂ ਦਾ ਨਤੀਜਾ ਇਸ ਵਾਰ ਪਾਸ ਜਾਂ ਫੇਲ੍ਹ ਨਹੀਂ ਐਲਾਨਿਆ ਜਾਵੇਗਾ ਸਗੋਂ ਸਿਰਫ਼ ਵਿਦਿਆਰਥੀਆਂ ਦੇ ਅੰਕ ਹੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟਰਮ-2 ਦੀਆਂ ਪ੍ਰੀਖਿਆਵਾਂ ਮਾਰਚ ਤੇ ਅਪਰੈਲ ਵਿਚ ਹੋਣਗੀਆਂ ਤੇ ਇਹ ਪ੍ਰੀਖਿਆਵਾਂ ਮੁਕੰਮਲ ਹੋਣ ਉਪਰੰਤ ਹੀ ਅੰਤਿਮ ਅੰਕ ਸੂਚੀ ਜਾਰੀ ਕੀਤੀ ਜਾਵੇਗੀ। ਟਰਮ-2 ਦੀਆਂ ਪ੍ਰੀਖਿਆ ਰਹਿੰਦੇ 50 ਫੀਸਦੀ ਆਧਾਰਿਤ ਹੀ ਲਈਆਂ ਜਾਣਗੀਆਂ। ਚੰਡੀਗੜ੍ਹ ਦੇ ਇਕ ਪ੍ਰਿੰਸੀਪਲ ਨੇ ਦੱਸਿਆ ਕਿ ਸੀਬੀਐੱਸਈ ਨੇ ਕੁਝ ਵਿਦਿਆਰਥੀਆਂ ਦੇ ਇੰਟਰਨਲ ਨੰਬਰਾਂ ਸਬੰਧੀ ਅਪਡੇਟ ਮੰਗੀ ਹੈ ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਬੋਰਡ ਦਾ ਨਤੀਜਾ ਆਖਰੀ ਪੜਾਅ ’ਤੇ ਹੈ ਅਤੇ ਨਤੀਜਾ ਛੇਤੀ ਜਾਰੀ ਹੋਵੇਗਾ।
ਸੀਟੈੱਟ ਦੀ ਮੁੜ ਪ੍ਰੀਖਿਆ 17 ਨੂੰ
ਸੀਬੀਐੱਸਈ ਨੇ ਸੂਚਨਾ ਜਾਰੀ ਕੀਤੀ ਕਿ ਜਿਹੜੇ ਵਿਦਿਆਰਥੀ ਸੈਂਟਰਲ ਐਲਿਜੀਬਿਲਟੀ ਟੈਸਟ ਸੀਟੈੱਟ ਦੀ ਪ੍ਰੀਖਿਆ ਮੁਕੰਮਲ ਨਹੀਂ ਕਰ ਸਕੇ ਸੀ ਉਨ੍ਹਾਂ ਵਿਦਿਆਰਥੀਆਂ ਨੂੰ 17 ਜਨਵਰੀ ਨੂੰ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ਨੇ 16 ਦਸੰਬਰ ਨੂੰ ਸੀਟੈੱਟ-1 ਦੀ ਪ੍ਰੀਖਿਆ ਦਿੱਤੀ ਸੀ ਪਰ ਉਸ ਪ੍ਰੀਖਿਆ ਵਿਚ ਤਕਨੀਕੀ ਨੁਕਸ ਆਉਣ ਕਾਰਨ ਦੇਸ਼ ਭਰ ਦੇ ਵਿਦਿਆਰਥੀ ਇਹ ਪ੍ਰੀਖਿਆ ਨਹੀਂ ਦੇ ਸਕੇ ਸਨ ਜਿਹੜੇ ਹੁਣ ਪ੍ਰੀਖਿਆ ਦੇ ਸਕਦੇ ਹਨ। ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਸੀਟੈੱਟ-1 ਦੀ ਸਿਰਫ ਸਵੇਰ ਵਾਲੀ ਸ਼ਿਫਟ ਵਾਲੇ ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਲਈ ਜਾਵੇਗੀ ਜਿਨ੍ਹਾਂ ਦੇ ਨਵੇਂ ਐਡਮਿਟ ਕਾਰਡ ਬੋਰਡ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੇ ਗਏ ਹਨ।