ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਨਵੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਯੂਨੀਸੈਫ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਤਹਿਤ ਚੈਟਬੂਟ ਲਰਨਿੰਗ ਟੂਲ ਦੀ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਯੁਵਾ ਸਕਿੱਲ ਫਾਊਂਡੇਸ਼ਨ ਵੱਲੋਂ ਸਹਿਯੋਗ ਦਿੱਤਾ ਜਾਵੇਗਾ। ਇਸ ਪ੍ਰਾਜੈਕਟ ਲਈ ਕਈ ਮਾਧਿਅਮਾਂ ਦੀ ਚੋਣ ਕੀਤੀ ਗਈ ਹੈ। ਇਸ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਨੌਕਰੀਆਂ ਹਾਸਲ ਕਰਨ ’ਚ ਵੀ ਮਦਦ ਮਿਲੇਗੀ। ਯੂਨੀਸੈਫ ਵੱਲੋਂ ਭਾਰਤ ਵਿੱਚ 50 ਲੱਖ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦਾ ਟੀਚਾ ਮਿਥਿਆ ਗਿਆ ਹੈ।
ਇਸ ਪ੍ਰਾਜੈਕਟ ਨੂੰ #ਯੰਗ ਵਾਰੀਅਰ ਐੱਨਐੱਕਸਟੀ ਚੈਟਬੂਟ ਦਾ ਨਾਂ ਦਿੱਤਾ ਗਿਆ ਹੈ, ਜੋ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰੇਗਾ। ਇਸ ਤਹਿਤ ਵ੍ਹੱਟਸਐਪ, ਫੇਸਬੁੱਕ ਮੈਸੇਂਜਰ ਤੇ ਟੈਲੀਗਰਾਮ ਰਾਹੀਂ ਜੁੜਿਆ ਜਾ ਸਕੇਗਾ। ਇਸ ਤਹਿਤ ਵਿਦਿਆਰਥੀਆਂ ਨੂੰ ਸਕਿੱਲ ਬੇਸਡ ਟੀਚੇ ਦਿੱਤੇ ਜਾਣਗੇ, ਜਿਨ੍ਹਾਂ ਨੂੰ ਖੇਡਾਂ ਜ਼ਰੀਏ ਮਿੱਥੇ ਸਮੇਂ ਵਿੱਚ ਮੁਕੰਮਲ ਕਰਨਾ ਲਾਜ਼ਮੀ ਹੋਵੇਗਾ।
ਸੀਬੀਐੱਸਈ ਦੇ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 21ਵੀਂ ਸਦੀ ਦੇ ਹਾਣ ਦਾ ਬਣਾਉਣ ਲਈ ਗਿਆਨ ਸਿਰਫ ਕਿਤਾਬਾਂ ਰਾਹੀਂ ਨਹੀਂ ਦਿੱਤਾ ਜਾ ਸਕਦਾ, ਇਸ ਲਈ ਵਿਦਿਆਰਥੀਆਂ ਨੂੰ ਹੋਰਨਾਂ ਮਾਧਿਅਮਾਂ ਰਾਹੀਂ ਵੀ ਹੁਨਰਮੰਦ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਿਰਫ਼ ਵਿਦਿਆਰਥੀ ਹੀ ਨਹੀਂ ਬਲਕਿ ਨੌਜਵਾਨ ਵੀ ਜੁੜ ਸਕਦੇ ਹਨ। ਇਸ ਲਈ ਉਹ +91-9650414141 ’ਤੇ ‘ਵਾਈ.ਡਬਲਿਊ.ਐੱਨ.ਐੱਕਸ.ਟੀ.’ ਟਾਈਪ ਕਰ ਕੇ ਵ੍ਹਟਸਐਪ ਸੰਦੇਸ਼ ਭੇਜਣਗੇ। ਇਸ ਤੋਂ ਇਲਾਵਾ ਵਿਦਿਆਰਥੀ ਇਹੀ ਸੰਦੇਸ਼ ਫੇਸਬੁੱਕ ਮੈਸੇਂਜਰ ’ਤੇ ਯੂਨੀਸੈਫ ਯੂ-ਰਿਪੋਰਟ ਇੰਡੀਆ ਨੂੰ ਭੇਜ ਕੇ ਰਜਿਸਟਰਡ ਕਰ ਸਕਦੇ ਹਨ।
ਸਕੂਲ ਵਿਦਿਆਰਥੀਆਂ ਨੂੰ ਕਰਨਗੇ ਜਾਗਰੂਕ
ਇਸ ਪ੍ਰਾਜੈਕਟ ਸਬੰਧੀ ਸੀਬੀਐੱਸਈ ਵੱਲੋਂ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਤੇ ਵਿਦਿਆਰਥੀਆਂ ਨੂੰ ਇਸ ਪਲੇਟਫਾਰਮ ’ਤੇ ਜੁੜਨ ਲਈ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਚੇ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਸਕਿੱਲ ਸਰਟੀਫਿਕੇਟ ਦਿੱਤੇ ਜਾਣਗੇ।