ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ 23 ਅਗਸਤ ਤੋਂ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆਵਾਂ ਆਫਲਾਈਨ ਹੋਣਗੀਆਂ। ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 23 ਤੋਂ ਸ਼ੁਰੂ ਹੋ ਕੇ 29 ਅਗਸਤ ਤਕ ਚੱਲਣਗੀਆਂ ਜਦਕਿ ਬਾਰ੍ਹਵੀਂ ਦੀ ਪ੍ਰੀਖਿਆ 23 ਅਗਸਤ ਨੂੰ ਹੀ ਮੁਕੰਮਲ ਕਰਵਾਈ ਜਾਵੇਗੀ। ਇਹ ਪ੍ਰੀਖਿਆਵਾਂ ਦੋ ਘੰਟੇ ਦੀਆਂ ਹੋਣਗੀਆਂ ਜੋ ਸਵੇਰੇ ਸਾਢੇ ਦਸ ਵਜੇ ਤੋਂ ਸਾਢੇ ਬਾਰਾਂ ਵਜੇ ਤਕ ਹੋਣਗੀਆਂ। ਵਿਦਿਆਰਥੀਆਂ ਨੂੰ ਪ੍ਰੀਖਿਆ ਪੱਤਰ ਪੜ੍ਹਨ ਲਈ 15 ਮਿੰਟ ਵੱਖਰੇ ਤੌਰ ’ਤੇ ਦਿੱਤੇ ਜਾਣਗੇ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਅੱਜ ਸਪੱਸ਼ਟ ਕੀਤਾ ਕਿ ਇਨ੍ਹਾਂ ਪ੍ਰੀਖਿਆਵਾਂ ਨਾਲ ਵਿਦਿਆਰਥੀ ਆਪਣੇ ਇਕ ਪੇਪਰ ਦੇ ਅੰਕ ਵੀ ਸੁਧਾਰ ਸਕਦੇ ਹਨ। ਇਹ ਪ੍ਰੀਖਿਆਵਾਂ ਕਰੋਨਾ ਨਿਯਮਾਂ ਤਹਿਤ ਕਰਵਾਈਆਂ ਜਾਣਗੀਆਂ। ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖ਼ਲ ਹੋਣ ਵੇਲੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਦਸਵੀਂ ਦੀ ਪਹਿਲੀ ਪ੍ਰੀਖਿਆ ਗਣਿਤ ਸਟੈਂਡਰਡ ਤੇ ਬੇਸਿਕ ਦੀ ਹੋਵੇਗੀ, 24 ਅਗਸਤ ਨੂੰ ਹੋਮ ਸਾਇੰਸ ਤੇ ਸੰਸਕ੍ਰਿਤ, 25 ਨੂੰ ਕੰਪਿਊਟਰ ਐਪਲੀਕੇਸ਼ਨ, ਅੰਗਰੇਜ਼ੀ ਭਾਸ਼ਾ, 26 ਨੂੰ ਵਿਗਿਆਨ, 27 ਨੂੰ ਸੋਸ਼ਲ ਸਾਇੰਸ, 29 ਨੂੰ ਹਿੰਦੀ, ਊਰਦੂ, ਭਾਰਤੀ ਸੰਗੀਤ ਤੇ ਹੋਰ ਭਾਸ਼ਾਵਾਂ ਦੀਆਂ ਪ੍ਰੀਖਿਆਵਾਂ ਹੋਣਗੀਆਂ।