ਠੀਕ ਦਿਸਦੇ ਮਰੀਜ਼ਾਂ ਦੀ ਘੜੀ ਪਲ ਵਿੱਚ ਮੌਤ ਹੋਣ ਦਾ ਕਾਰਨ

ਠੀਕ ਦਿਸਦੇ ਮਰੀਜ਼ਾਂ ਦੀ ਘੜੀ ਪਲ ਵਿੱਚ ਮੌਤ ਹੋਣ ਦਾ ਕਾਰਨ

ਡਾ. ਪਿਆਰੇ ਲਾਲ ਗਰਗ

ਕੋਵਿਡ ਰੋਗ ਵਿੱਚ ਜੇ ਮਾਮੂਲੀ ਖੰਘ, ਜ਼ੁਕਾਮ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਕਈ ਦਿਨਾਂ ਬਾਅਦ ਇਹ ਰੋਗ ਵਧ ਜਾਂਦਾ ਹੈ। ਵਿਸ਼ੇਸ਼ ਕਰਕੇ 50 ਸਾਲ ਤੋਂ ਉਪਰ ਉਮਰ ਵਾਲਿਆਂ ਨੂੰ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਹੋਰ ਰੋਗ ਹੋਣ ਤਾਂ ਉਸ ਦੇ ਫੇਫੜੇ ਨੁਕਸਾਨੇ ਜਾਣ ਕਾਰਨ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ। ਜਦ ਨੁਕਸਾਨਿਆ ਫੇਫੜਾ ਹਵਾ ਵਿੱਚ ਮੌਜੂਦ ਆਕਸੀਜਨ ’ਚੋਂ ਲੋੜੀਂਦੀ ਆਕਸੀਜਨ ਨਹੀਂ ਲੈਂਦਾ ਤਾਂ ਉਸ ਨੂੰ ਡਾਕਟਰੀ ਆਕਸੀਜਨ ਲਾਈ ਜਾਂਦੀ ਹੈ। ਇਸ ਵਾਸਤੇ ਆਕਸੀਜਨ ਦੀ ਨਾਲੀ ਧੁਰ ਗਲੇ ਤੱਕ ਲਗਾਈ ਜਾਂਦੀ ਹੈ। ਇਸ ਵਿੱਚ ਮਰੀਜ਼ ਦੇ ਸਹਿਯੋਗ ਦੀ ਲੋੜ ਹੁੰਦੀ ਹੈ। ਕਈ ਵਾਰ ਤੰਗੀ ਮਹਿਸੂਸ ਕਰਦਾ ਮਰੀਜ਼ ਨਾਲੀ ਬਾਹਰ ਖਿੱਚ ਲੈਂਦਾ ਹੈ, ਜੋ ਆਕਸੀਜਨ ਪੂਰਤੀ ਵਿੱਚ ਵਿਘਨ ਪਾਉਂਦਾ ਹੈ। ਜਦ ਮਰੀਜ਼ ਲੇਟ ਆਉਂਦੇ ਹਨ ਤਾਂ ਠੀਕ ਠਾਕ ਦਿਸਦੇ ਮਰੀਜ਼ਾਂ ਦੀ ਆਕਸੀਜਨ ਸੰਤ੍ਰਿਪਤੀ 90-91% ’ਤੇ ਆਈ ਹੁੰਦੀ ਹੈ ਅਤੇ ਫੇਫੜਾ ਬਹੁਤ ਨੁਕਸਾਨਿਆ ਜਾ ਚੁੱਕਿਆ ਹੁੰਦਾ ਹੈ। ਇਨ੍ਹਾਂ ਨੂੰ ਆਕਸੀਜਨ ਲਾਉਣੀ ਪੈਂਦੀ ਹੈ ਪਰ ਵਾਇਰਸ ਦੇ ਜ਼ਿਆਦਾ ਮਾਰੂ ਹੋਣ ਕਾਰਨ ਮਿੰਟਾਂ-ਘੰਟਿਆਂ ਵਿੱਚ ਹੀ ਫੇਫੜਾ ਆਕਸੀਜਨ ਤਬਾਦਲੇ ਦੇ ਅਸਮਰੱਥ ਹੋ ਜਾਂਦਾ ਹੈ। ਕੁਝ ਪਲਾਂ ਵਿੱਚ ਹੀ ਹਾਈਪੌਕਸੀਆ ਭਾਵ ਆਕਸੀਜਨ ਦੀ ਘਾਟ ਇੰਨੀ ਹੋ ਜਾਂਦੀ ਹੈ ਕਿ ਮਰੀਜ਼ ਦਮ ਤੋੜ ਦਿੰਦਾ ਹੈ। ਪਹਿਲਾਂ ਤੋਂ ਹੀ ਬਿਮਾਰੀ ਤੋਂ ਸਹਿਮੇ ਪਰਿਵਾਰਕ ਮੈਂਬਰ ਮਰੀਜ਼ ਦੇ ਨੇੜੇ ਜਾਣ ਵਾਸਤੇ ਤਿਆਰ ਨਹੀਂ ਹੁੰਦੇ। ਜਿਹੜੇ ਲੋਕ ਮਰਜ਼ ਦੀ ਵਿਗਿਆਨ ਅਤੇ ਚਾਲ ਬਾਰੇ ਸਿਰਫ ਅਗਿਆਨਤਾ ਦਾ ਹੀ ਨਹੀਂ ਸਗੋਂ ਅਫਵਾਹਾਂ ਦਾ ਵੀ ਸ਼ਿਕਾਰ ਹੁੰਦੇ ਹਨ, ਉਹ ਹੰਗਾਮਾ ਕਰਕੇ ਤਸੱਲੀ ਕਰਦੇ ਹਨ ਕਿ ਉਨ੍ਹਾਂ ਦਾ ਮਰੀਜ਼ ਅਣਗਹਿਲੀ ਕਾਰਨ ਮਾਰ ਦਿੱਤਾ ਗਿਆ। ਇਹ ਲੋਕ ਉਨ੍ਹਾਂ ਨੂੰ ਤਾਂ ਪੁੱਛਦੇ ਹੀ ਨਹੀਂ ਜਿਨ੍ਹਾਂ ਨੇ ਇਸ ਵਾਇਰਸ ਨੂੰ ਬਹੁਤ ਹੀ ਸਾਧਾਰਨ ਕਹਿ ਕੇ ਲੋਕਾਂ ਨੂੰ ਅਵੇਸਲੇ ਰਹਿਣ ਦੀ ਪਿੱਠ ਭੂਮੀ ਤਿਆਰ ਕੀਤੀ ਤੇ ਝੂਠਾ ਭਰਮ ਜਾਲ ਬੁਣ ਕੇ ਲੋਕਾਂ ਨੂੰ ਹੰਗਾਮਾ ਕਰਨ ਲਈ ਉਕਸਾਇਆ।  

ਸੰਪਰਕ: 99145-05009

ਇਕਾਂਤਵਾਸ (ਆਈਸੋਲੇਸ਼ਨ) ਕੀ ਹੈ?

ਆਈਸੋਲੇਸ਼ਨ ਕਰੋਨਾ ਪਾਜ਼ੇਟਿਵ ਮਰੀਜ਼ ਜਾਂ ਕੋਵਿਡ-19 ਦੇ ਲੱਛਣਾਂ ਵਾਲਿਆਂ ਦਾ ਕੀਤਾ ਜਾਂਦਾ ਹੈ, ਸ਼ੱਕੀਆਂ ਜਾਂ ਸੰਪਰਕਾਂ ਦਾ ਨਹੀਂ। ਇਹ ਡਾਕਟਰੀ ਨਿਗਰਾਨੀ ਤਹਿਤ ਹੁੰਦਾ ਹੈ। ਜਿਹੜੇ ਵਿਅਕਤੀ ਕਰੋਨਾ ਪਾਜ਼ੇਟਿਵ ਆ ਗਏ ਹੋਣ ਜਾਂ ਜਿਨ੍ਹਾਂ ਦਾ ਬੇਸ਼ੱਕ ਟੈਸਟ ਵੀ ਨਾ ਹੋਇਆ ਹੋਵੇ ਪਰ ਉਨ੍ਹਾਂ ਵਿੱਚ ਕੋਵਿਡ-19 ਦੇ ਲੱਛਣ ਹੋਣ, ਉਨ੍ਹਾਂ ਨੂੰ ਕਿਸੇ ਹੋਰ ਤੰਦਰੁਸਤ ਵਿਅਕਤੀ ਨਾਲ ਮਿਲਣ-ਜੁਲਣ ਤੋਂ ਬਿਲਕੁਲ ਰੋਕਣਾ ਹੁੰਦਾ ਹੈ। ਉਸ ਦਾ ਨਹਾਉਣ-ਧੋਣ ਦਾ ਬੰਦੋਬਸਤ ਬਿਲਕੁਲ ਨਵੇਕਲਾ ਹੋਣਾ ਜ਼ਰੂਰੀ ਹੈ। ਉਸ ਦੇ ਭਾਂਡੇ, ਕੱਪੜੇ ਅਤੇ ਸਾਜ਼ੋ-ਸਾਮਾਨ ਬਿਲਕੁਲ ਵੱਖਰੇ ਹੋਣੇ ਚਾਹੀਦੇ ਹਨ। ਉਸ ਦੇ ਥੁੱਕ ਆਦਿ ਦਾ ਨਿਪਟਾਰਾ ਵੀ ਸੁਰੱਖਿਅਤ ਤਰੀਕੇ ਨਾਲ ਕਰਨਾ ਹੁੰਦਾ ਹੈ। ਉਸ ਕੋਲ ਜਾਣ ਵੇਲੇ ਮਾਸਕ ਪਹਿਨਣਾ, ਸੁਰੱਖਿਆ ਸ਼ੀਲਡ ਪਹਿਨਣੀ ਅਤੇ ਸਮਾਜਿਕ ਤੇ ਜਿਸਮਾਨੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਜਦੋਂ 24 ਘੰਟਿਆਂ ਬਾਅਦ ਕੀਤੇ ਦੋ ਟੈਸਟ ਨੈਗੇਟਿਵ ਆ ਜਾਣ ਜਾਂ ਲੱਛਣ ਖ਼ਤਮ ਹੋਇਆਂ ਨੂੰ ਦੋ-ਤਿੰਨ ਦਿਨ ਹੋ ਜਾਣ ਤਾਂ ਆਈਸੋਲੇਸ਼ਨ ਖ਼ਤਮ ਹੁੰਦੀ ਹੈ। ਲੱਛਣ ਰਹਿਤ ਕਰੋਨਾ ਪਾਜ਼ੇਟਿਵ ਮਰੀਜ਼ ਅਤੇ ਦਰਮਿਆਨੇ ਲੱਛਣ ਵਾਲੇ 50 ਸਾਲ ਤੋਂ ਘੱਟ ਉਮਰ ਦੇ ਜਿਸ ਮਰੀਜ਼ ਨੂੰ ਕੋਈ ਹੋਰ ਕਰਾਨਿਕ ਬਿਮਾਰੀ ਨਾ ਹੋਵੇ ਤਾਂ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਜਾ ਸਕਦਾ ਹੈ। ਘਰ ਵਿੱਚ ਇਕਾਂਤਵਾਸ ਦੌਰਾਨ ਕਰੋਨਾ ਪਾਜ਼ੇਟਿਵ ਮਰੀਜ਼ ਵੱਲ ਮੂੰਹ ਕਰਕੇ ਨਹੀਂ, ਸਗੋਂ ਪਾਸੇ ’ਤੇ ਬੈਠਣਾ ਚਾਹੀਦਾ ਹੈ। ਜੇ ਜਗ੍ਹਾ ਤੰਗ ਹੋਵੇ ਤਾਂ ਉਸ ਵੱਲ ਪਿੱਠ ਕਰ ਕੇ ਪੈਣਾ ਚਾਹੀਦਾ ਹੈ। ਬੱਸ ਵਿੱਚ ਸਫਰ ਕਰਨ ਵੇਲੇ ਵੀ ਆਈਸੋਲੇਸ਼ਨ ਵਰਗਾ ਵਤੀਰਾ ਜ਼ਰੂਰੀ ਹੈ। ਸਾਰਿਆਂ ਵਾਸਤੇ ਨੱਕ-ਮੂੰਹ ਢੱਕ ਕੇ ਬੈਠਣਾ ਅਤੇ ਜਿਸਮਾਨੀ ਦੂਰੀ ਰੱਖਣ ਦੀ ਪਾਲਣਾ ਕਰਨੀ ਲਾਜ਼ਮੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All