ਪੱਤਰ ਪ੍ਰੇਰਕ
ਭਵਾਨੀਗੜ੍ਹ, 3 ਨਵੰਬਰ
ਮਾਰਕੀਟ ਕਮੇਟੀ ਭਵਾਨੀਗੜ੍ਹ ਦੇ ਅਧਿਕਾਰੀਆਂ ਵੱਲੋਂ ਇੱਕ ਚੈਕਿੰਗ ਦੌਰਾਨ ਯੂਪੀ ਸਥਿਤ ਪੱਲੀਆਂ ਤੋਂ ਪੰਜਾਬ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਵੇਚਣ ਲਈ ਲਿਆਂਦਾ ਝੋਨੇ ਦਾ ਭਰਿਆ ਇੱਕ ਟਰਾਲਾ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਟਰਾਲਾ ਪਿੰਡ ਰੋਸ਼ਨਵਾਲਾ ਦੇ ਕੱਟ ’ਤੇ ਖੜ੍ਹਾ ਸੀ, ਜਦੋਂ ਉਨ੍ਹਾਂ ਭਾੜੇ ਦੀ ਬਿਲਟੀ ਆਦਿ ਮੰਗੀ ਗਈ ਤਾਂ ਡਰਾਈਵਰ ਨੇ ਦੱਸਿਆ ਕਿ ਉਹ ਵਪਾਰੀ ਕੋਲ ਹੈ। ਉਨ੍ਹਾਂ ਸ਼ੱਕ ਦੇ ਆਧਾਰ ’ਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਮਾਰਕੀਟ ਕਮੇਟੀ ’ਚ ਲਿਆਂਦਾ। ਉਨ੍ਹਾਂ ਦੱਸਿਆ ਕਿ ਬਾਹਰਲੇ ਸੂਬੇ ਤੋਂ ਕੋਈ ਵੀ ਵਪਾਰੀ ਜਾਂ ਕਿਸਾਨ ਪੰਜਾਬ ਵਿੱਚ ਝੋਨਾ ਨਹੀਂ ਵੇਚ ਸਕਦਾ। ਇਹ ਝੋਨਾ ਗ਼ੈਰਕਾਨੂੰਨੀ ਢੰਗ ਨਾਲ ਆਇਆ ਹੈ ਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਮਾਰਕੀਟ ਕਮੇਟੀ ਭਵਾਨੀਗੜ੍ਹ ਵੱਲੋਂ ਇਹ ਟਰਾਲਾ ਭਵਾਨੀਗੜ੍ਹ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਟਰਾਲੇ ਦੇ ਡਰਾਈਵਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 60 ਹਜ਼ਾਰ ਰੁਪਏ ਭਾੜੇ ਵਿੱਚ ਝੋਨਾ ਯੂਪੀ ਤੋਂ ਹਰਿਆਣਾ ਦੇ ਚੀਕਾ ਲਈ ਲਿਆਇਆ ਸੀ, ਜਦੋਂ ਉਹ ਚੀਕਾ ਪਹੁੰਚਿਆ ਤਾਂ ਵਪਾਰੀ ਨੇ ਕਿਹਾ ਕਿ 25 ਕਿਲੋਮੀਟਰ ਤੇ ਉਨ੍ਹਾਂ ਦੇ ਸ਼ੈੱਲਰ ਵਿੱਚ ਮਾਲ ਉਤਾਰਨਾ ਹੈ, ਪਰ ਵਪਾਰੀ ਨੇ ਉਸ ਨੂੰ ਧੋਖੇ ਵਿੱਚ ਰੱਖ ਕੇ ਪਿੰਡਾਂ ਦੇ ਰਸਤੇ ਪੰਜਾਬ ਲਿਆਂਦਾ ਹੈ।