ਸੰਤੋਖ ਗਿੱਲ
ਰਾਏਕੋਟ, 3 ਅਕਤੂਬਰ
ਪਸ਼ੂਆਂ ਵਿਚ ਅਫ਼ਰੀਕਨ ਸਵਾਈਨ ਫਲੂ (ਬੁਖ਼ਾਰ) ਦੀ ਬਿਮਾਰੀ ਫੈਲਣ ਦੇ ਡਰੋਂ ਸੂਬਾ ਸਰਕਾਰ ਵੱਲੋਂ ਦੂਜੇ ਸੂਬਿਆਂ ਤੋਂ ਪਸ਼ੂਆਂ ਖ਼ਾਸਕਰ ਸੂਰਾਂ ਦੀ ਖ਼ਰੀਦ-ਫ਼ਰੋਖ਼ਤ ਅਤੇ ਢੋਆ-ਢੁਆਈ ਉੱਪਰ ਸਖ਼ਤ ਰੋਕ ਲਾਈ ਗਈ ਹੈ। ਇਸ ਦੇ ਬਾਵਜੂਦ ਚੋਰੀ-ਛਿਪੇ ਰਾਜਸਥਾਨ ਤੋਂ ਜੰਗਲੀ ਸੂਰ ਲਿਆਂਦੇ ਜਾ ਰਹੇ ਹਨ। ਚੌਕੀ ਜਲਾਲਦੀਵਾਲ ਦੇ ਨੇੜੇ ਹੀ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਅੱਜ ਚਾਰ ਦਰਜਨ ਤੋਂ ਵੱਧ ਜੰਗਲੀ ਸੂਰਾਂ ਦੀ ਭਰੀ ਗੱਡੀ ਜ਼ਬਤ ਕੀਤੀ ਗਈ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਅਫ਼ਸਰ ਸ਼ਮਿੰਦਰ ਸਿੰਘ ਅਨੁਸਾਰ ਖ਼ਰੀਦਦਾਰ, ਵੇਚਣ ਵਾਲੇ, ਗੱਡੀ ਦੇ ਮਾਲਕ ਅਤੇ ਚਾਲਕ ਖ਼ਿਲਾਫ਼ ਵਾਈਲਡ ਲਾਈਫ਼ ਕਾਨੂੰਨ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਥਾਣਾ ਸਦਰ ਰਾਏਕੋਟ ਦੇ ਮੁਖੀ ਜਸਪਾਲ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਲਿਖਤੀ ਸੂਚਨਾ ਮਿਲਣ ਬਾਅਦ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸੂਰਾਂ ਦੀ ਗੱਡੀ ਬਰਾਮਦ ਹੋਣ ਮਗਰੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਤੇ ਹੋਰ ਅਧਿਕਾਰੀ ਪੁੱਜੇ। ਉਨ੍ਹਾਂ ਪੁਸ਼ਟੀ ਕਰਦਿਆਂ ਦੱਸਿਆ ਕਿ 50-55 ਜੰਗਲੀ ਸੂਰਾਂ ਨਾਲ ਤੁੰਨ ਕੇ ਭਰੀ ਗੱਡੀ ਦੇ ਮਾਲਕ ਮਨਜੀਤ ਸਿੰਘ ਵਾਸੀ ਆਦਮਪੁਰ (ਹਿਸਾਰ), ਲੁਧਿਆਣਾ ਸ਼ਹਿਰ ਦੇ ਢੋਲੇਵਾਲ ਚੌਕ ਦੇ ਮੀਟ ਵਪਾਰੀ ਖੰਨਾ ਕੁਮਾਰ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਨੇ ਮੰਨਿਆ ਕਿ ਇਹ ਜੰਗਲੀ ਸੂਰ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਿੰਡ ਬੋਕਾ ਭਗਤ ਸਿੰਘ ਦੇ ਇੱਕ ਫਾਰਮ ਤੋਂ ਲਿਆਂਦੇ ਗਏ ਹਨ ਅਤੇ ਲੁਧਿਆਣਾ ਦੀ ਮੀਟ ਮਾਰਕੀਟ ਵਿਚ ਵੇਚੇ ਜਾਣੇ ਸਨ। ਇਸ ਮੌਕੇ ਉਹ ਸੂਰਾਂ ਦੀ ਖ਼ਰੀਦ ਅਤੇ ਢੋਆ-ਢੁਆਈ ਸਬੰਧੀ ਕੋਈ ਕਾਗ਼ਜ਼ਾਤ ਪੇਸ਼ ਨਹੀਂ ਕਰ ਸਕੇ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਅਫ਼ਸਰ ਸ਼ਮਿੰਦਰ ਸਿੰਘ ਅਨੁਸਾਰ ਸੂਰਾਂ ਨੂੰ ਵਿਭਾਗੀ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਜਗਰਾਉਂ ਲਾਗੇ ਸਤਲੁਜ ਦਰਿਆ ਕਿਨਾਰੇ ਜੰਗਲ ਵਿਚ ਛੱਡ ਦਿੱਤਾ ਜਾਵੇਗਾ।