ਮਿਹਰ ਸਿੰਘ
ਕੁਰਾਲੀ, 12 ਜਨਵਰੀ
ਪਿੰਡ ਚੈੜੀਆਂ ਤੋਂ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਟਰਾਲੀ ’ਤੇ ਇਲਾਕਾ ਵਾਸੀਆਂ ਨੂੰ ਮਾਣ ਹੈ। ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਪੁੱਜਣ ਵਾਲਾ ਇਹ ਕਿਸਾਨਾਂ ਦਾ ਪਹਿਲਾ ਜਥਾ ਹੈ।
26 ਨਵੰਬਰ ਨੂੰ ਪਿੰਡ ਤੋਂ ਚੱਲ ਕੇ ਦਿੱਲੀ ਜਾਣ ਵਾਲੇ ਰਸਤਿਆਂ ਵਿੱਚ ਹਰਿਆਣਾ ਪੁਲੀਸ ਤੇ ਸਰਕਾਰ ਦਾ ਜਬਰ ਸਹਿ ਕੇ ਦਿੱਲੀ ਦਾਖਲ ਹੋਣ ਵਾਲੇ ਚੈੜੀਆਂ ਦੇ ਕਿਸਾਨਾਂ ਰਵਿੰਦਰ ਸਿੰਘ ਚੈੜੀਆਂ, ਪਰਮਜੀਤ ਸਿੰਘ, ਗੁਰਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਤਰਲੋਚਰਨ ਸਿੰਘ ਨੇ ਦੱਸਿਆ ਕਿ ਉਹ ਕਰੀਬ ਦੋ ਦਰਜਨ ਕਿਸਾਨ ਟਰਾਲੀ ਵਿੱਚ ਸਵਾਰ ਸਨ।
ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਿੱਚ ਹੀ ਜਦੋਂ ਉਹ ਪੁਲੀਸ ਦੀਆਂ ਰੋਕਾਂ ਤੋੜ ਕੇ ਦਿੱਲੀ ਦਾਖਲ ਹੋ ਗਏ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਟਰੈਕਟਰ ਟਰਾਲੀ ਸਮੇਤ ਥਾਣੇ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਦੇ ਮਾੜੇ ਵਤੀਰੇ ਦੇ ਬਾਵਜੂਦ ਉਹ ਡਟੇ ਰਹੇ ਅਤੇ ਖੁਦ ਰਿਹਾਅ ਹੋਣ ਮਗਰੋਂ ਉਨ੍ਹਾਂ ਟਰੈਕਟਰ ਟਰਾਲੀ ਛੁਡਵਾਈ। ਦਿੱਲੀ ਪੁਲੀਸ ਨੇ ਪਹਿਰੇ ਹੇਠ ਉਨ੍ਹਾਂ ਨੂੰ 27 ਨਵੰਬਰ ਨੂੰ ਹੀ ਬੁਰਾੜੀ ਮੈਦਾਨ ਵਿੱਚ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਕਿ ਬੁਰਾੜੀ ਮੈਦਾਨ ਵਿੱਚ ਪੁੱਜਣ ਵਾਲੀ ਉਨ੍ਹਾਂ ਦੀ ਪਹਿਲੀ ਟਰਾਲੀ ਸੀ, ਜਿਸ ਤੋਂ ਕਈ ਘੰਟਿਆਂ ਬਾਅਦ ਹੋਰ ਟਰਾਲੀਆਂ ਵੀ ਪੁਲੀਸ ਨੇ ਲਿਆ ਕੇ ਉੱਥੇ ਡੱਕ ਦਿੱਤੀਆਂ।
ਰਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਦਿੱਲੀ ਪੁਲੀਸ ਦੇ ਪਹਿਰੇ ਕਾਰਨ ਉਹ ਉੱਥੋਂ ਨਿਕਲਣ ਤੋਂ ਅਸਮਰੱਥ ਹਨ, ਫਿਰ ਵੀ ਬੁਰਾੜੀ ਮੈਦਾਨ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤਕ ਉਹ ਇੱਥੇ ਹੀ ਡਟੇ ਰਹਿਣਗੇ।
ਪਿੰਡ ਦੇ ਨੌਜਵਾਨ ਆਗੂ ਜ਼ੈਲਦਾਰ ਸਤਵਿੰੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਬਰਾੜੀ ਮੈਦਾਨ ’ਚ ਡਟੇ ਕਿਸਾਨਾਂ ’ਤੇ ਪਿੰਡ ਵਾਲਿਆਂ ਨੂੰ ਮਾਣ ਹੈ।