ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਜੂਨ
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਉਂਦੇ ਸ਼ਰਧਾਲੂਆਂ ਵੱਲੋਂ ਆਨਲਾਈਨ ਸਰਾਵਾਂ ਬੂਕਿੰਗ ਕਰਾਉਣ ਦੇ ਮਾਮਲੇ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਾਰਾਗੜ੍ਹੀ ਨਿਵਾਸ ਦੀ ਬੂਕਿੰਗ ਆਨਲਾਈਨ ਕੀਤੀ ਜਾਂਦੀ ਹੈ, ਜਦਕਿ ਬਾਕੀ ਸਰਾਵਾਂ ਵਿੱਚ ਪਹਿਲ ਦੇ ਆਧਾਰ ’ਤੇ ਯਾਤਰੂਆਂ ਨੂੰ ਠਹਿਰਾਅ ਵਾਸਤੇ ਕਮਰੇ ਦਿੱਤੇ ਜਾਂਦੇ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਬੁੱਧਵਾਰ ਨੂੰ ਦੋ ਸ਼ਰਧਾਲੂ ਆਏ। ਉਨ੍ਹਾਂ ਬੁੱਕ ਕਰਵਾਏ ਕਮਰੇ ਦੀ ਭੁਗਤਾਨ ਕੀਤੀ ਰਕਮ ਦੀ ਰਸੀਦ ਵੀ ਦਿਖਾਈ ਪਰ ਸਰਾਂ ਦੇ ਰਿਕਾਰਡ ’ਚ ਅਜਿਹੀ ਕੋਈ ਵੀ ਰਕਮ ਜਮ੍ਹਾਂ ਨਹੀਂ ਹੋਈ ਸੀ ਤੇ ਨਾ ਹੀ ਕੋਈ ਬੁਕਿੰਗ ਹੋਈ ਸੀ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।