ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 16 ਦਸੰਬਰ
ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਗੁਟਕਾ ਸੁੱਟਣ ਵਾਲੇ ਨੌਜਵਾਨ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਰਣਬੀਰ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦੇ ਮੁੰਡੀਆਂ ਕਲਾਂ ਦੇ ਸੁੰਦਰ ਨਗਰ ਦਾ ਵਸਨੀਕ ਹੈ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਨੇ ਸੂਚਨਾ ਦਿੱਤੀ ਸੀ ਕਿ ਸਰੋਵਰ ਵਿੱਚ ਗੁਟਕਾ ਸੁੱਟਿਆ ਹੋਇਆ ਹੈ, ਜਿਸ ਮਗਰੋਂ ਸੀਸੀਟੀਵੀ ਫੁਟੇਜ ਜਾਂਚੀ ਗਈ ਜਿਸ ’ਚ ਉਕਤ ਨੌਜਵਾਨ ਸਰੋਵਰ ਵਿੱਚ ਗੁਟਕਾ ਸੁੱਟਦਾ ਹੋਇਆ ਦਿਖਾਈ ਦਿੱਤਾ। ਨੌਜਵਾਨ ਨੇ ਬੀਐੱਸਸੀ ਆਈਟੀ ਕੀਤੀ ਹੋਈ ਹੈ ਤੇ ਪਰਿਵਾਰ ਬਾਰੇ ਦਿੱਤੀ ਜਾਣਕਾਰੀ ਤੋਂ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਨੇ ਇਹ ਗੁਟਕਾ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਹੀ ਲਿਆ ਸੀ। ਗੁਟਕਾ ਸੁੱਟਣ ਪਿਛਲੇ ਕਾਰਨ ਬਾਰੇ ਨੌਜਵਾਨ ਨੇ ਕੋਈ ਜਵਾਬ ਨਹੀਂ ਦਿੱਤਾ। ਨੌਜਵਾਨ ਦੀ ਦਿਮਾਗੀ ਹਾਲਤ ਠੀਕ ਦੱਸੀ ਗਈ ਹੈ।