ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਪਰੈਲ
ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲੀਸ ਨੇ ਪੈਸੇ ਵਸੂਲਣ ਲਈ ਕੈਦੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਕੇਂਦਰੀ ਜੇਲ੍ਹ ਪਟਿਆਲਾ ਨਾਲ ਸਬੰਧਤ ਰਹੇ ਤਿੰਨ ਜੇਲ੍ਹ ਅਧਿਕਾਰੀਆਂ ਡਿਪਟੀ ਸੁਪਰਡੈਂਟ ਰਾਜਨ ਕਪੂਰ, ਸਹਾਇਕ ਸੁਪਰਡੈਂਟ ਤੇਜਾ ਸਿੰਘ ਅਤੇ ਹੈੱਡ ਜੇਲ੍ਹ ਵਾਰਡਨ ਪਰਮਜੀਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਵੇਰਵਿਆਂ ਅਨੁਸਾਰ ਚਾਰ ਸਾਲ ਪਹਿਲਾਂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਕੈਦੀ ਵਿਸ਼ਾਲ ਸਿੰਘ ਨੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨ੍ਹਾਂ ਅਧਿਕਾਰੀਆਂ ਖ਼ਿਲਾਫ਼ ਪੈਸੇ ਵਸੂਲਣ ਲਈ ਤਸ਼ੱਦਦ ਕਰਨ ਵਰਗੇ ਗੰਭੀਰ ਦੋਸ਼ ਲਾਏ ਸਨ। ਭਾਵੇਂ ਇਸ ਸਬੰਧੀ ਜਾਂਚ ਪੜਤਾਲ ਮੁਕੰਮਲ ਹੋ ਗਈ ਸੀ ਪਰ ਕਾਰਵਾਈ ਕੋਈ ਨਹੀਂ ਹੋਈ ਸੀ।
ਜ਼ਿਕਰਯੋਗ ਹੈ ਕਿ ਇੱਕ ਉੱਚ ਨਿਆਂਇਕ ਅਧਿਕਾਰੀ ਦੀ ਹਦਾਇਤ ’ਤੇ ਇਸ ਮਾਮਲੇ ਦੀ ਜਾਂਚ ਜੁਡੀਸ਼ਲ ਮੈਜਿਸਟਰੇਟ ਪੱਧਰ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਸੀ, ਜਿਸ ਨੇ ਆਪਣੀ ਰਿਪੋਰਟ ਵਿੱਚ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਦਰੁਸਤ ਹੋਣ ਦੀ ਟਿੱੱਪਣੀ ਕੀਤੀ ਸੀ। ਇਸ ਸਬੰਧੀ ਹਾਈ ਕੋਰਟ ਨੇ ਜਾਂਚ ਰਿਪੋਰਟ ਦੀ ਕਾਪੀ 17 ਅਗਸਤ, 2018 ਨੂੰ ਜੇਲ੍ਹ ਵਿਭਾਗ ਨੂੰ ਭੇਜ ਕੇ ਦੋ ਮਹੀਨਿਆਂ ਵਿੱਚ ਕਾਰਵਾਈ ਕਰ ਕੇ ਰਿਪੋਰਟ ਸੌਂਪਣ ਦੀ ਹਦਾਇਤ ਕੀਤੀ ਸੀ। ਇਸ ਮਗਰੋਂ ਕਾਨੂੰਨੀ ਮਾਹਿਰਾਂ ਦੀ ਰਾਇ ਅਤੇ ਕੁਝ ਹੋਰ ਮੱਦਾਂ ਦੇ ਹਵਾਲੇ ਨਾਲ ਇਹ ਮਾਮਲਾ ਲਟਕਦਾ ਰਿਹਾ। ਅਖ਼ੀਰ ਜੇਲ੍ਹ ਵਿਭਾਗ ਨੇ 17 ਜਨਵਰੀ, 2022 ਨੂੰ ਇਸ ਰਿਪੋਰਟ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਲਿਆ, ਜਿਸ ਤਹਿਤ ਹੁਣ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਨਾਮਜ਼ਦ ਮੁਲਜ਼ਮ ਤੇਜਾ ਸਿੰਘ 31 ਦਸੰਬਰ, 2019 ਅਤੇ ਪਰਮਜੀਤ ਸਿੰਘ 31 ਦਸੰਬਰ, 2021 ਨੂੰ ਸੇਵਾਮੁਕਤ ਹੋ ਚੁੱਕੇ ਹਨ। ਇਸੇ ਮਾਮਲੇ ਦੀ ਜਾਂਚ ਪੜਤਾਲ ਮੌਕੇ ਰਾਜਨ ਕਪੂਰ ਨੂੰ ਕਿਸੇ ਹੋਰ ਮਾਮਲੇ ਸਬੰਧੀ ਜੇਲ੍ਹ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਬਾਅਦ ’ਚ ਉਹ ਬਹਾਲ ਵੀ ਹੋ ਗਏ ਸਨ।