ਯਸ਼ ਚਟਾਨੀ
ਬਾਘਾ ਪੁਰਾਣਾ, 4 ਜੁਲਾਈ
ਥਾਣਾ ਬਾਘਾ ਪੁਰਾਣਾ ਦੀ ਪੁਲੀਸ ਨੇ ਸਿਵਲ ਸਪਲਾਈ ਦੇ ਗੁਦਾਮਾਂ ’ਚੋਂ ਕਰੋੜਾਂ ਰੁਪਏ ਦੀ ਕਣਕ ਅਤੇ ਬੋਰੀਆਂ ਦੀਆਂ ਗੱਠਾਂ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਰਤਿੰਦਰ ਸਿੰਘ ਵਾਸੀ ਨਿਊ ਮਾਡਲ ਟਾਊਨ ਮੋਗਾ, ਚਰਨਜੀਤ ਸਿੰਘ ਵਾਸੀ ਕੋਟਕਪੂਰਾ ਅਤੇ ਜਗਰਾਜ ਸਿੰਘ ਵਾਸੀ ਪਿੰਡ ਮਾਣੂੰਕੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਵੱਲੋਂ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੀ ਇੱਕ ਪੱਤਰ ਭੇਜਿਆ ਗਿਆ ਸੀ। ਜ਼ਿਲ੍ਹਾ ਪੁਲੀਸ ਮੁਖੀ ਮੋਗਾ ਨੂੰ ਦਿੱਤੇ ਪੱਤਰ ਵਿੱਚ ਜ਼ਿਲ੍ਹਾ ਕੰਟਰੋਲਰ, ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਾਘਾ ਪੁਰਾਣਾ ਕੇਂਦਰ ਦੇ ਰਿਕਾਰਡ ਦੀ ਜਾਂਚ ਕਰਨ ਮਗਰੋਂ ਸਾਹਮਣੇ ਆਇਆ ਹੈ ਕਿ ਸਾਲ 2017-18 ਦੀ ਇਕ ਹਜ਼ਾਰ ਕੁਇੰਟਲ ਕਣਕ ਘੱਟ ਹੈ। ਇਸ ਦੇ ਨਾਲ ਹੀ 2018-19 ਅਤੇ 2019-2020 ਦੀਆਂ 2.34 ਕਰੋੜ ਦੀਆਂ ਬੋਰੀਆਂ ਦੀਆਂ ਗੱਠਾਂ ਵੀ ਘੱਟ ਹਨ ਅਤੇ 2018-19 ਤੇ 2019-2020 ਦੇ 2.25 ਕਰੋੜ ਦੇ ਸਟਾਕ ਆਰਟੀਕਲ ਘੱਟ ਹਨ, ਜਿਸ ਦੀ ਜ਼ਿੰਮੇਵਾਰੀ ਕੇਂਦਰ ਦੇ ਇੰਸਪੈਕਟਰਾਂ ਰਤਿੰਦਰ ਸਿੰਘ, ਚਰਨਜੀਤ ਸਿੰਘ ਅਤੇ ਜਗਰਾਜ ਸਿੰਘ ਦੀ ਬਣਦੀ ਹੈ। ਜ਼ਿਲ੍ਹਾ ਕੰਟਰੋਲਰ ਨੇ ਦੋਸ਼ ਲਾਇਆ ਹੈ ਕਿ ਇੰਸਪੈਕਟਰਾਂ ਨੇ ਮਿਲੀਭੁਗਤ ਕਰ ਕੇ ਕਰੋੜਾਂ ਦਾ ਮਾਲ ਖੁਰਦ-ਬੁਰਦ ਕੀਤਾ ਹੈ। ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈ ਵੱਲੋਂ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਮੋਗਾ ਦੇ ਆਦੇਸ਼ਾਂ ’ਤੇ ਸਥਾਨਕ ਥਾਣਾ ਪੁਲੀਸ ਵੱਲੋਂ ਅੱਜ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।