ਪੱਤਰ ਪ੍ਰੇਰਕ
ਮਾਨਸਾ, 28 ਜੂਨ
ਇਥੋਂ ਦੀ ਪੁਲੀਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਐੱਸਵਾਈਐੱਲ’ ਦੇ ਲੀਕ ਹੋਣ ’ਤੇ ਕੇਸ ਦਰਜ ਕੀਤਾ ਹੈ। ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਗੀਤ ਦੇ ਲੀਕ ਹੋਣ ਤੋਂ ਬਾਅਦ ਥਾਣਾ ਸਦਰ ਮਾਨਸਾ ਵਿੱਚ ਸ਼ਿਕਾਇਤ ਕੀਤੀ ਸੀ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ 23 ਜੂਨ ਨੂੰ ਸ਼ਾਮ ਛੇ ਵਜੇ ਯੂ-ਟਿਊਬ ਉਪਰ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਚੈਨਲ ਉਤੇ ਜਾਰੀ ਕੀਤਾ ਗਿਆ ਸੀ, ਜਿਸ ਨੂੰ ਹੁਣ ਕੇਂਦਰ ਸਰਕਾਰ ਦੇ ਕਹਿਣ ’ਤੇ ਉਥੋਂ ਹਟਾ ਦਿੱਤਾ ਗਿਆ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਿਸੇ ਭੇਤੀ ਨੇ 20 ਜੂਨ ਨੂੰ ਲੀਕ ਕਰ ਦਿੱਤਾ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਗੀਤ ਨੂੰ ਲੀਕ ਕਰਨ ਵਾਲੇ ਵਿਅਕਤੀ ਨੂੰ ਮੁਆਫ਼ ਕਰ ਦਿੱਤਾ ਹੈ ਪਰ ਜੇ ਉਹ ਭਵਿੱਖ ਵਿਚ ਵੀ ਅਜਿਹਾ ਕਰੇਗਾ ਤਾਂ ਉਸ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਪਿੰਡ ਮੂਸਾ ਦੀ ਸਰਪੰਚ ਤੇ ਮਰਹੂਮ ਗਾਇਕ ਦੀ ਮਾਂ ਚਰਨ ਕੌਰ ਨੇ ਕਿਹਾ ਕਿ ਗੀਤ ਲੀਕ ਕਰਨ ਵਾਲੇ ਨੂੰ ਲੋਕਾਂ ਸਾਹਮਣੇ ਜੱਗ ਜ਼ਾਹਿਰ ਕਰਨਾ ਚਾਹੀਦਾ ਹੈ। ਥਾਣਾ ਮੁਖੀ ਬੇਅੰਤ ਕੌਰ ਨੇ ਦੱਸਿਆ ਕਿ ਇਸ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।