ਸ਼ਗਨ ਕਟਾਰੀਆ
ਬਠਿੰਡਾ, 25 ਅਪਰੈਲ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਤਹਿਤ ਪਿੰਡ ਵਿਰਕ ਕਲਾਂ ਦੀ ਪੰਚਾਇਤ ’ਤੇ ਐਸਸੀਐਸਟੀ ਐਕਟ ਤਹਿਤ ਕੇਸ ਦਰਜ ਹੋਇਆ ਹੈ।
ਥਾਣਾ ਸਦਰ ਬਠਿੰਡਾ ’ਚ ਦਰਜ ਕੇਸ ਅਨੁਸਾਰ ਵਿਰਕ ਕਲਾਂ ਵਾਸੀ ਰਾਮ ਸਿੰਘ ਦੇ ਪਰਿਵਾਰ ਨੂੰ ਕਥਿਤ ਚੋਰੀ ਦੇ ਇਲਜ਼ਾਮ ਤਹਿਤ ਪਿੰਡ ’ਚੋਂ ਕੱਢ ਦਿੱਤਾ ਗਿਆ ਸੀ। ਰਾਮ ਸਿੰਘ ਦਾ ਦੋਸ਼ ਸੀ ਕਿ ਇੰਝ ਕਰਨ ਨਾਲ ਉਸ ਦੇ ਬੱਚਿਆਂ ਦਾ ਭਵਿੱਖ ਤਬਾਹ ਹੋ ਗਿਆ। ਕਮਿਸ਼ਨ ਨੇ ਕਾਰਵਾਈ ਕਰਦਿਆਂ ਬਠਿੰਡਾ ਪੁਲੀਸ ਨੂੰ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ। ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਡੀਐਸਪੀ ਦਵਿੰਦਰ ਸਿੰਘ ਹਨ।
ਜ਼ਿਕਰਯੋਗ ਹੈ ਕਿ ਪੀੜਤ ਰਾਮ ਸਿੰਘ ਦਾ ਪਰਿਵਾਰ ਲਗਭਗ 10 ਸਾਲ ਪਹਿਲਾਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਜਵਾਹਰੇ ਵਾਲਾ ਤੋਂ ਆ ਕੇ ਵਿਰਕ ਕਲਾਂ ਵੱਸਿਆ ਸੀ। ਰਾਮ ਸਿੰਘ ਨੇ ਖੇਤਾਂ ’ਚ ਮਜ਼ਦੂਰੀ ਕਰ ਕੇ ਆਪਣਾ ਘਰ ਤਿਆਰ ਕੀਤਾ। ਕਰੀਬ ਸਵਾ ਕੁ ਸਾਲ ਪਹਿਲਾਂ ਪਿੰਡ ਵਿਚ ਹੋਈ ਚੋਰੀ ਦੇ ਮਾਮਲੇ ’ਚ ਪੰਚਾਇਤ ਨੇ ਰਾਮ ਸਿੰਘ ਸਣੇ ਦੋ ਅਣਪਛਾਤਿਆਂ ’ਤੇ ਕੇਸ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ’ਚ ਰਾਮ ਨੂੰ ਜੇਲ੍ਹ ਹੋ ਗਈ ਸੀ। ਇਸ ਦੌਰਾਨ ਹੀ 29 ਫਰਵਰੀ 2020 ਨੂੰ ਉਸ ਦੇ ਪਰਿਵਾਰ ਨੂੰ ਪੰਚਾਇਤ ਵੱਲੋਂ 6 ਮਾਰਚ 2020 ਤੱਕ ਪਿੰਡ ਛੱਡਣ ਦਾ ਨੋਟਿਸ ਭੇਜਿਆ ਗਿਆ।
ਇਸ ’ਤੇ ਪੀੜਤ ਪਰਿਵਾਰ 5 ਮਾਰਚ ਨੂੰ ਆਪਣੇ ਪੁਰਾਣੇ ਪਿੰਡ ਚਲਾ ਗਿਆ। ਇਸ ਦੌਰਾਨ ਰਾਮ ਸਿੰਘ ਜ਼ਮਾਨਤ ’ਤੇ ਰਿਹਾਅ ਹੋ ਗਿਆ ਤੇ ਉਸ ਨੇ ਪੰਚਾਇਤ ਨੂੰ ਉਸ ਦੇ ਪਰਿਵਾਰ ਨੂੰ ਪਿੰਡੋਂ ਕੱਢਣ ਦੇ ਅਧਿਕਾਰ ਬਾਰੇ ਸਵਾਲ ਕੀਤਾ। ਰਾਮ ਸਿੰਘ ਦਾ ਬਾਰ੍ਹਵੀਂ ’ਚ ਪੜ੍ਹਦੇ ਪੁੱਤਰ ਤੇ ਬੀਸੀਏ ਕਰ ਰਹੀ ਧੀ ਹੁਣ ਵੀ ਨੋਟਿਸ ਮਿਲਣ ਵਾਲੇ ਪਲਾਂ ਨੂੰ ਚੇਤੇ ਕਰ ਕੇ ਭਾਵੁਕ ਹੋ ਜਾਂਦੇ ਹਨ। ਉਸ ਨੇ ਕਿਹਾ ਕਿ ਜਵਾਹਰੇ ਵਾਲਾ ਜਾ ਕੇ ਉਨ੍ਹਾਂ ਨੂੰ ਲੰਬੇ ਸਮੇਂ ਤਕ ਤਰਸਯੋਗ ਹਾਲਤ ’ਚ ਰਹਿਣਾ ਪਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਕਮਿਸ਼ਨ ਵੱਲੋਂ ਕੇਸ ਦਰਜ ਕਰਵਾਏ ਜਾਣ ਬਾਅਦ, ਉਨ੍ਹਾਂ ਨੂੰ ਨਿਆਂ ਦੀ ਉਮੀਦ ਬੱਝੀ ਹੈ।
ਵਿਰਕ ਕਲਾਂ ਦੇ ਸਰਪੰਚ ਗੁਰਚਰਨ ਸਿੰਘ ਨੇ ਨੋਟਿਸ ਕੱਢਣ ਨੂੰ ਨਿੱਜੀ ਫ਼ੈਸਲਾ ਹੋਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਪਿੰਡ ਵਾਸੀਆਂ ਦੀ ਹਾਜ਼ਰੀ ਵਾਲੀ ਗ੍ਰਾਮ ਸਭਾ ’ਚ ਮਤਾ ਪਾਉਣ ਪਿੱਛੋਂ ਹੀ ਰਾਮ ਸਿੰਘ ਦੇ ਪਰਿਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ।