ਫਗਵਾੜਾ (ਪੱਤਰ ਪ੍ਰੇਰਕ): ਗਾਇਕ ਦਿਲਜੀਤ ਦੁਸਾਂਝ ਦੇ ਸ਼ੋਅ ਲਈ ਸਾਰੇਗਾਮਾ ਕੰਪਨੀ ਵੱਲੋਂ ਲਈ ਗਈ ਮਨਜ਼ੂਰੀ ਤੋਂ ਇੱਕ ਘੰਟਾ ਦੇਰੀ ਨਾਲ ਸਮਾਗਮ ਸਮਾਪਤ ਕਰਨ ਅਤੇ ਚੌਪਰ ਨੂੰ ਨਿਰਧਾਰਿਤ ਪੈਡ ’ਤੇ ਨਾ ਉਤਾਰਨ ਦੇ ਮਾਮਲੇ ’ਚ ਸਤਨਾਮਪੁਰਾ ਪੁਲੀਸ ਨੇ ਚੌਪਰ ਦੇ ਪਾਇਲਟ ਅਤੇ ਸਾਰੇਗਾਮਾ ਕੰਪਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਐੱਚਓ ਹਰਜੀਤ ਸਿੰਘ ਨੇ ਦੱਸਿਆ ਕਿ 17 ਅਪਰੈਲ ਨੂੰ ਸਾਰੇਗਾਮਾ ਕੰਪਨੀ ਨੇ ਇੱਥੇ ਚਹੇੜੂ ਲਾਗੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦਿਲਜੀਤ ਦੁਸਾਂਝ ਦਾ ਪ੍ਰੋਗਰਾਮ ਕਰਵਾਇਆ ਸੀ। ਜਿਸ ਚੌਪਰ ਵਿੱਚ ਦਿਲਜੀਤ ਦੁਸਾਂਝ ਨੇ ਆਉਣਾ ਸੀ, ਉਸ ਦੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ’ਤੇ ਚੌਪਰ ਉਤਾਰਨ ਦੀ ਬਜਾਏ ਆਪਣੀ ਮਰਜ਼ੀ ਨਾਲ ਚੌਪਰ ਉਤਾਰਿਆ ਸੀ। ਕੰਪਨੀ ਨੇ ਜੋ ਮਨਜ਼ੂਰੀ ਐੱਸਡੀਐੱਮ ਫਗਵਾੜਾ ਪਾਸੋਂ ਲਈ ਸੀ, ਉਸ ਮੁਤਾਬਕ ਨਿਰਧਾਰਿਤ ਥਾਂ ’ਤੇ ਚੌਪਰ ਨਾ ਉਤਾਰ ਕੇ ਅਤੇ ਮਿਲੀ ਮਨਜ਼ੂਰੀ ਤੋਂ ਇੱਕ ਘੰਟਾ ਵੱਧ ਪ੍ਰੋਗਰਾਮ ਚਲਾ ਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸ ਸਬੰਧੀ ਪੁਲੀਸ ਨੇ ਸਾਰੇਗਾਮਾ ਕੰਪਨੀ ਅਤੇ ਚੌਪਰ ਦੇ ਪਾਇਲਟ ਖ਼ਿਲਾਫ਼ ਕੇਸ ਦਰਜ ਕੀਤਾ ਹੈ।