ਸ਼ਗਨ ਕਟਾਰੀਆ
ਬਠਿੰਡਾ, 27 ਦਸੰਬਰ
ਬਠਿੰਡਾ ਪੁਲੀਸ ਨੇ 25 ਦਸੰਬਰ ਨੂੰ ਇੱਥੇ ਭਾਜਪਾ ਦੇ ਸਮਾਗਮ ’ਚ ਵਿਘਨ ਪਾਉਣ ਦੇ ਦੋਸ਼ ਹੇਠ ਦੋ ਦਿਨਾਂ ਮਗਰੋਂ ਅੱਜ 30-40 ਅਣਪਛਾਤੇ ਮੁਜ਼ਾਹਰਾਕਾਰੀਆਂ ’ਤੇ ਧਾਰਾ 323, 427, 269, 270, 148, 149, 188 ਤੇ 120ਬੀ ਤਹਿਤ ਕੇਸ ਦਰਜ ਕੀਤਾ ਹੈ। ਦੱਸਣਯੋਗ ਹੈ ਕਿ 26 ਦਸੰਬਰ ਨੂੰ ਬਠਿੰਡਾ ਫੇਰੀ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਖਿਆ ਸੀ ਕਿ ਕੱਲ੍ਹ ਕਿਸਾਨੀ ਦੀ ਆੜ ’ਚ ਗੁੰਡਾਗਰਦੀ ਹੋਈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅਜਿਹਾ ਕਰਨ ਵਾਲੇ ਕਿਸਾਨ ਨਹੀਂ ਹੋ ਸਕਦੇ। ਉਨ੍ਹਾਂ ਘਟਨਾ ਲਈ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ‘ਭਾਜਪਾ ਵਰਕਰਾਂ ’ਤੇ ਹਮਲਾ ਕਰਨ ਵਾਲਿਆਂ ਉੱਪਰ ਕਾਨੂੰਨੀ ਕਾਰਵਾਈ ਕਰਵਾ ਕੇ ਹੀ ਉਹ ਬਠਿੰਡੇ ਜਾਣਗੇ।’ ਖ਼ਾਸ ਗੱਲ ਇਹ ਰਹੀ ਕਿ ਅਸ਼ਵਨੀ ਸ਼ਰਮਾ ਕਰੀਬ ਅੱਧੀ ਰਾਤ ਨੂੰ ਬਠਿੰਡਾ ਤੋਂ ਅਗਲੀ ਮੰਜ਼ਿਲ ਲਈ ਰਵਾਨਾ ਹੋਏ।
ਥਾਣਾ ਕੋਤਵਾਲੀ ’ਚ ਐੱਸਐੱਚਓ ਦਵਿੰਦਰ ਸਿੰਘ ਵੱਲੋਂ ਦਰਜ ਕੇਸ ’ਚ ਕਿਹਾ ਗਿਆ ਹੈ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਹੇਠ ਉੜਾਂਗ ਸਿਨੇਮਾ ਸਾਹਮਣੇ 20-25 ਵਰਕਰ ਇੱਕ ਟੈਂਟ ਵਿੱਚ ਸਵਰਗੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਵਸ ਮਨਾ ਰਹੇ ਸਨ। ਇੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ ਜਾਣਾ ਸੀ। ਇਸ ਦੌਰਾਨ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਮਰਦ-ਔਰਤਾਂ ਮਾਨ ਪੈਟਰੋਲ ਪੰਪ ਤਰਫ਼ੋਂ ਆਏ ਜਿਨ੍ਹਾਂ ਨੂੰ ਰੋਕਣ ਦੀ ਪੁਲੀਸ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਬੈਰੀਕੇਡ ਤੋੜ ਕੇ ਭਾਜਪਾ ਦੇ ਸਮਾਗਮ ਵਾਲੇ ਟੈਂਟ ਵੱਲ ਵਧੇ ਜਿੱਥੇ ਬੈਠੇ ਭਾਜਪਾ ਵਰਕਰ ਭੱਜ ਗਏ। ਭੱਜ-ਦੌੜ ਦੌਰਾਨ ਭਾਜਪਾ ਵਰਕਰ ਰਵਿੰਦਰ ਸਿੰਘ ਦੇ ਸੜਕ ’ਤੇ ਡਿੱਗਣ ਕਾਰਨ ਸੱਟਾਂ ਲੱਗੀਆਂ ਸਨ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਟੈਂਟ ਅਤੇ ਕੁਰਸੀਆਂ ਦੀ ਭੰਨ-ਤੋੜ ਵੀ ਕੀਤੀ ਸੀ।