ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 27 ਅਗਸਤ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਕ ਸਲਾਹਕਾਰ ਵੱਲੋਂ ਕਸ਼ਮੀਰ ਬਾਰੇ ਦਿੱਤੇ ਗਏ ਬਿਆਨ ਦੇ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਖ਼ਿਲਾਫ਼ ਦੇਸ਼ ਧਰੋਹ ਦਾ ਕੇਸ ਦਰਜ ਕਰਨ। ਅੱਜ ਇੱਥੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਸਿੱਧੂ ਦੇ ਸਲਾਹਕਾਰ ਨੇ ਆਈਐੱਸਆਈ ਦੀ ਸੋਚ ਅਨੁਸਾਰ ਕਸ਼ਮੀਰ ਨੂੰ ਸੁਤੰਤਰ ਦੇਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਟਿੱਪਣੀਆਂ ਪਾਕਿਸਤਾਨ ਨਾਲ ਰੋਜ਼ਾਨਾ ਸਰਹੱਦਾਂ ’ਤੇ ਸ਼ਹੀਦ ਹੋ ਰਹੇ ਸਾਡੇ ਜਵਾਨਾਂ ਦਾ ਅਪਮਾਨ ਹਨ। ਇਸ ਮੌਕੇ ‘ਆਪ’ ਦੇ ਬਟਾਲਾ, ਫ਼ਤਹਿਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੇ ਇੰਚਾਰਜ ਅਤੇ ਬੁਲਾਰੇ ਸੁਖਬਾਜ਼ ਪਰਵਾਨਾ ਅਕਾਲੀ ਦਲ ਵਿੱਚ ਸ਼ਾਮਲ ਹੋਏ।