ਗੁਰਿੰਦਰ ਸਿੰਘ
ਲੁਧਿਆਣਾ, 27 ਅਪਰੈਲ
ਅਮਰੀਕਾ ਦੇ ਸਿੱਖ ਬੁੱਕ ਕਲੱਬ ’ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਛੇੜਛਾੜ ਕੀਤੇ ਜਾਣ ਦੇ ਲੱਗ ਰਹੇ ਦੋਸ਼ਾਂ ਦੇ ਸਬੰਧ ’ਚ ਕੌਮਾਂਤਰੀ ਸਿੱਖ ਪ੍ਰਚਾਰਕ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਜਗਤਾਰ ਸਿੰਘ ਜਾਚਕ ਨੇ ਅੱਜ ਇੱਥੇ ਸਪੱਸ਼ਟ ਕੀਤਾ ਹੈ ਕਿ ਸਿੱਖ ਬੁੱਕ ਕਲੱਬ ਅਮਰੀਕਾ ਵੱਲੋਂ ਕੋਈ ਪਾਵਨ ਬੀੜ ਛਾਪ ਕੇ ਦੇਸ਼-ਵਿਦੇਸ਼ ਵਿੱਚ ਨਹੀਂ ਵੰਡੀ ਗਈ ਹੈ। ਸ੍ਰੀ ਜਾਚਕ ਨੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ਸਿੱਖ ਬੁੱਕ ਕਲੱਬ ’ਤੇ ਗੁਰਬਾਣੀ ਨਾਲ ਛੇੜਛਾੜ ਕਰ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛਾਪਣ ਦਾ ਦੋਸ਼ ਗ਼ਲਤ ਹੈ ਕਿਉਂਕਿ ਕਲੱਬ ਵੱਲੋਂ ਅਮਰੀਕਾ, ਕੈਨੇਡਾ ਤੇ ਇੰਗਲੈਂਡ ਆਦਿ ਦੇਸ਼ਾਂ ਵਿੱਚ ਕਿਸੇ ਵੀ ਗੁਰਸਿੱਖ ਪਰਿਵਾਰ ਨੂੰ ਘਰ ਵਿੱਚ ਪ੍ਰਕਾਸ਼ ਕਰਨ ਲਈ ਬੀੜ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਦੋਸ਼ਾਂ ਸਬੰਧੀ 3 ਮਈ ਨੂੰ ਸੱਦੀ ਗਈ ਪੰਥਕ ਮੀਟਿੰਗ ਦੇ ਮੱਦੇਨੇਜ਼ਰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਵਿਵਾਦਤ ਬੀੜ ਹੁਣ ਕਲੱਬ ਦੀ ਐਪ ’ਤੇ ਉਪਲੱਬਧ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਹੈ ਕਿ ਥਮਿੰਦਰ ਸਿੰਘ ਆਨੰਦ ਨੇ ਬੀੜ ਦੀ ਪੀਡੀਐੱਫ਼ ਕਲੱਬ ਦੀ ਐਪ ਉੱਤੇ ਕਦੋਂ ਪਾਈ ਅਤੇ ਕਦੋਂ ਹਟਾਈ, ਇਸ ਸਬੰਧੀ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਬੁੱਕ ਕਲੱਬ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਉੱਤਰ ਵਜੋਂ ਭੇਜੇ ਗਏ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਥਮਿੰਦਰ ਸਿੰਘ ਆਨੰਦ ਨੇ ਇਹ ਮੰਨਿਆ ਹੈ ਕਿ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਬੀੜ ਦਾ ਪੂਰਾ ਮਸੌਦਾ ਉਸ ਨੂੰ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਤੋਂ ਪ੍ਰਾਪਤ ਹੋਇਆ ਹੈ। ਸ੍ਰੀ ਜਾਚਕ ਨੇ ਅਪੀਲ ਕੀਤੀ ਹੈ ਕਿ 3 ਮਈ ਦੀ ਮੀਟਿੰਗ ਤੋਂ ਪਹਿਲਾਂ ਉਨ੍ਹਾਂ ਦੇ ਪੱਤਰ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਜਾਂਚ ਲਿਆ ਜਾਵੇ।