ਪੱਤਰ ਪ੍ਰੇਰਕ
ਜਗਰਾਉਂ, 12 ਜੂਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੇ ਇੱਕ ਅਧਿਆਪਕ ਖ਼ਿਲਾਫ਼ ਲੜਕੀਆਂ ਨੂੰ ਰਾਤ ਸਮੇਂ ਮੋਬਾਈਲ ਫੋਨਾਂ ’ਤੇ ਗ਼ਲਤ ਸੁਨੇਹੇ ਭੇਜਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਵਿੱੱਚ ਪੜ੍ਹਾਉਂਦਾ ਇਕ ਅਧਿਆਪਕ ਕਥਿਤ ਮੰਦਭਾਵਨਾ ਨਾਲ ਵਿਦਿਆਰਥਣਾਂ ਨੂੰ ਰਾਤ ਸਮੇਂ ਫੋਨ ’ਤੇ ਗਲਤ ਸੁਨੇਹੇ ਭੇਜਦਾ ਸੀ ਅਤੇ ਫੋਨ ਨਾ ਚੁੱਕਣ ਦੀ ਸੂਰਤ ’ਚ ਕਥਿਤ ਡਰਾਉਂਦਾ-ਧਮਕਾਉਂਦਾ ਸੀ। ਕੁਝ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਅਤੇ ਹੋਰ ਅਧਿਆਪਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ।
ਇਸ ’ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਕੀਤੀ ਜਾਂਚ ਵਿੱਚ ਉਕਤ ਅਧਿਆਪਕ ਦੋਸ਼ੀ ਪਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਦਿੱਤੀ ਸ਼ਿਕਾਇਤ ’ਤੇ ਅਧਿਆਪਕ ਕੰਵਰ ਮਨਵੰਤ ਸਿੰਘ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ’ਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਅਧਿਆਪਕ ਹਾਲੇ ਫਰਾਰ ਹੈ। ਐੱਸਐੱਸਪੀ ਦੀਪਕ ਹਿਲੋਰੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।