ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 17 ਜੁਲਾਈ
ਅੰਬਾਲਾ ਸ਼ਹਿਰ ਤੋਂ ਇਕ ਡਾਕਟਰ ਕੋਲੋਂ ਫਾਰਚੂਨਰ ਗੱਡੀ ਖੋਹ ਕੇ ਅੰਮ੍ਰਿਤਸਰ ਵੱਲ ਆ ਰਹੇ ਮੁਲਜ਼ਮ ਦੀ ਨਿੱਜਰਪੁਰਾ ਟੌਲ ਪਲਾਜ਼ੇ ਕੋਲ ਪੁਲੀਸ ਗੋਲੀਬਾਰੀ ਵਿੱਚ ਹੋਈ ਮੌਤ ਦੇ ਮਾਮਲੇ ’ਚ ਸੀਆਈਏ ਸਟਾਫ ਦੇ ਤਿੰਨ ਥਾਣੇਦਾਰਾਂ ਖ਼ਿਲਾਫ਼ ਥਾਣਾ ਜੰਡਿਆਲਾ ਗੁਰੂ ਵਿੱਚ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਹਾਈ ਕੋਰਟ ਵੱਲੋਂ ਆਈਜੀ ਬਾਰਡਰ ਰੇਂਜ ਨੂੰ ਸੌਂਪੀ ਜਾਂਚ ਤੋਂ ਬਾਅਦ ਹੋਈ ਹੈ। ਡੀਐੱਸਪੀ ਜੰਡਿਆਲਾ ਗੁਰੂ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਬੀਤੇ ਸਾਲ ਦਸੰਬਰ ਮਹੀਨੇ ਵਿੱਚ ਸੀਆਈਏ ਸਟਾਫ਼ ਅੰਮ੍ਰਿਤਸਰ ਦੇ ਮੁਲਾਜ਼ਮ ਗੋਲਡਨ ਗੇਟ ’ਤੇ ਮੌਜੂਦ ਸਨ। ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇਕ ਵਿਅਕਤੀ ਅੰਬਾਲਾ ਤੋਂ ਕਾਰ ਐੱਚਆਰ 01 ਏਈ 6600 ਖੋਹ ਕੇ ਅੰਮ੍ਰਿਤਸਰ ਵੱਲ ਆ ਰਿਹਾ ਹੈ, ਜਿਸ ਦਾ ਪਿੱਛਾ ਅੰਬਾਲਾ ਪੁਲੀਸ ਕਰ ਰਹੀ ਸੀ। ਉਪਰੰਤ ਸੀਆਈਏ ਸਟਾਫ ਨੇ ਗੋਲਡਨ ਗੇਟ ਤੋਂ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਆ ਕੇ ਨਾਕਾਬੰਦੀ ਕਰ ਲਈ। ਸ਼ਾਮ ਨੂੰ ਕਰੀਬ 6.45 ’ਤੇ ਮੁਲਜ਼ਮ ਇੰਦਰਜੀਤ ਸਿੰਘ ਨਾਕੇ ’ਤੇ ਪਹੁੰਚਿਆ ਤੇ ਪੁਲੀਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਮੁਲਜ਼ਮ ਬੈਰੀਕੇਡ ਤੋੜ ਕੇ ਅੱਗੇ ਵਧਿਆ ਤਾਂ ਸੀਆਈਏ ਸਟਾਫ ਦੇ ਮੁਲਾਜ਼ਮਾਂ ਨੇ ਗੱਡੀ ’ਤੇ ਗੋਲੀ ਚਲਾ ਦਿੱਤੀ। ਜ਼ਖ਼ਮੀ ਮੁਲਜ਼ਮ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਹੁਸ਼ਿਆਰਪੁਰ ਵਾਸੀ ਇੰਦਰਜੀਤ ਸਿੰਘ ਦੇ ਪਰਿਵਾਰ ਵੱਲੋਂ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਗਈ। ਹਾਈ ਕੋਰਟ ਨੇ ਜਾਂਚ ਆਈਜੀ ਬਾਰਡਰ ਰੇਂਜ ਨੂੰ ਸੌਂਪ ਦਿੱਤੀ ਸੀ। ਏਐੱਸਆਈ ਵਿਨੋਦ ਕੁਮਾਰ, ਏਐੱਸਆਈ ਦਰਸ਼ਨ ਸਿੰਘ ਤੇ ਏਐੱਸਆਈ ਸੁਰਿੰਦਰ ਕੁਮਾਰ ਖ਼ਿਲਾਫ਼ ਧਾਰਾ 304, 34, 201 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ।