ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 10 ਸਤੰਬਰ
ਹਲਕਾ ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪਿਛਲੇ ਦਿਨੀਂ ਵਾਇਰਲ ਹੋਈ ਆਪਣੀ ਅਸ਼ਲੀਲ ਵੀਡੀਓ ਸਬੰਧੀ ਆਪਣੀ ਦੂਜੀ ਪਤਨੀ ਗੁਰਪ੍ਰੀਤ ਕੌਰ ਗੁਰੀ ਵਾਸੀ ਜ਼ੀਰਕਪੁਰ ਖ਼ਿਲਾਫ਼ ਇਨਫਰਮੇਸ਼ਨ ਟੈਕਨਾਲੋਜੀ (ਆਈ.ਟੀ) ਐਕਟ-2000 ਦੀ ਧਾਰਾ 66-ਈ ਅਤੇ 67-ਏ ਤਹਿਤ ਕੇਸ ਦਰਜ ਕਰਵਾਇਆ ਹੈ। 21 ਅਗਸਤ 2022 ਨੂੰ ਵਾਇਰਲ ਹੋਈ ਦੱਸੀ ਗਈ ਇਸ ਵੀਡੀਓ ਸਬੰਧੀ ਵਿਧਾਇਕ ਵੱਲੋਂ ਐੱਸਐੱਸਪੀ ਦੀਪਕ ਪਾਰਿਕ ਨੂੰ ਦਿੱਤੀ ਦਰਖ਼ਾਸਤ ’ਤੇ ਕੀਤੀ ਪੜਤਾਲ਼ ਮਗਰੋਂ ਹਲਕਾ ਸਨੌਰ ਦੇ ਅਧੀਨ ਪੈਂਦੇ ਥਾਣਾ ਜੁਲਕਾਂ ਵਿੱਚ ਦਰਜ ਕੀਤਾ ਗਿਆ ਹੈ। ਦਰਖ਼ਾਸਤ ਵਿੱਚ ਵਿਧਾਇਕ ਨੇ ਕਿਹਾ ਕਿ ਵਿਰੋਧੀਆਂ ਨੇ ਸਾਜ਼ਿਸ਼ ਤਹਿਤ ਉਨ੍ਹਾਂ ਨੂੰ ਬਦਨਾਮ ਕੀਤਾ ਹੈ। ਗੁਰਪ੍ਰੀਤ ਕੌਰ ਨੇ ਵਿਰੋਧੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਗੁਰਪ੍ਰੀਤ ਨਾਲ ਦੂਜੀ ਸ਼ਾਦੀ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਆਪਣੀ ਪਹਿਲੀ ਪਤਨੀ ਸਿਮਰਨਜੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਕਰਵਾਈ ਸੀ। ਉਨ੍ਹਾਂ ਕਿਹਾ ਕਿ ਚੋਣਾਂ ਮਗਰੋਂ ਉਨ੍ਹਾਂ ਦੇ ਵਿਧਾਇਕ ਅਤੇ ‘ਆਪ’ ਦੀ ਸਰਕਾਰ ਬਣਨ ਮਗਰੋਂ ਗੁਰਪ੍ਰੀਤ ਕਥਿਤ ਰੂਪ ’ਚ ਗ਼ਲਤ ਬੰਦਿਆਂ ਦੇ ਗ਼ਲਤ ਕੰਮ ਕਰਵਾਉਣ ਲਈ ਦਬਾਅ ਪਾਉਣ ਲੱਗੀ। ਇਨਕਾਰ ਕਰਨ ’ਤੇ ਉਹ ਬਲੈਕਮੇਲ ਕਰਦਿਆਂ, ਇੱਕ ਫਲੈਟ ਅਤੇ ਕਰੋੜ ਰੁਪਏ ਦੀ ਮੰਗ ਕਰਨ ਲੱਗੀ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਨੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਸ਼ਿਕਾਇਤਕਰਤਾ ਨੂੰ ਖ਼ਤਮ ਕਰਨ ਦੀ ਧਮਕੀ ਵੀ ਦਿੱਤੀ। ਵਿਧਾਇਕ ਨੇ ਤਰਨ ਤਾਰਨ ਖੇਤਰ ਦੇ ਜੁਗਰਾਜ ਸਿੰਘ, ਚਰਚਿਤ ਫੇਸਬੁੱਕ ਪੇਜ਼ ਅਤੇ ਇੱਕ ਯੂ-ਟਿਊਬ ਚੈਨਲ ਸਣੇ ਕੁਝ ਹੋਰਨਾਂ ’ਤੇ ਇਹ ਵੀਡੀਓ ਵਾਇਰਲ ਕਰ ਕੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਦੋਸ਼ ਵੀ ਲਾਏ ਹਨ। ਪਟਿਆਲਾ ਸਥਿਤ ਸਾਈਬਰ ਕਰਾਈਮ ਸੈੱਲ ਦੇ ਡੀਐੱਸਪੀ ਧਰਮਪਾਲ ਵੱਲੋਂ ਸੈੱਲ ਦੇ ਇੰਚਾਰਜ ਪ੍ਰਿਤਪਾਲ ਸਿੰਘ ਅਤੇ ਟੀਮ ਸਣੇ ਕੀਤੀ ਪੜਤਾਲ਼ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ (ਰੂਰਲ) ਗੁਰਦੇਵ ਸਿੰਘ ਧਾਲ਼ੀਵਾਲ਼ ਅਤੇ ਥਾਣਾ ਜੁਲਕਾਂ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਸੰਧੂ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਐਫਆਈਆਰ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਵੀ ਮੌਜੂਦ ਹੈ।