ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਮਈ
ਸਥਾਨਕ ਪੁਲੀਸ ਨੇ ਐੱਸਪੀ ਤੇ ਉਸ ਦੇ ਰੀਡਰ ਏਐੱਸਆਈ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਏਐਸਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਐਸਪੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪਿੰਡ ਮੰਡਵੀਂ ਦੀ ਵਿਆਹੁਤਾ ਪਰਮਜੀਤ ਕੌਰ ਦੇ ਬਿਆਨਾਂ ’ਤੇ ਤੇਲ ਪਾ ਕੇ ਸਾੜਨ ਦੇ ਦੋਸ਼ਾਂ ਤਹਿਤ ਉਸ ਦੇ ਪਤੀ ਗੁਰਮੇਜ ਸਿੰਘ ਸਣੇ ਸੱਸ, ਵਿਚੋਲਾ, ਨਨਾਣਾਂ ਖ਼ਿਲਾਫ਼ ਥਾਣਾ ਖਨੌਰੀ ਵਿਚ ਕੇਸ ਦਰਜ ਹੋਇਆ ਸੀ। ਸ਼ਿਕਾਇਤ ਅਨੁਸਾਰ ਜਾਂਚ ਮੁਲਜ਼ਮ ਧਿਰ ਦੇ ਹੱਕ ਵਿਚ ਕਰਨ ਬਦਲੇ ਰੀਡਰ ਦਵਿੰਦਰ ਸਿੰਘ ਏਐਸਆਈ ਵੱਲੋਂ 3 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਜ਼ੇਰੇ ਇਲਾਜ ਪਰਮਜੀਤ ਕੌਰ ਦੀ ਮੌਤ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ 25 ਅਪਰੈਲ 2022 ਨੂੰ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਐੱਸਆਈਟੀ ਬਣਾਈ ਗਈ ਇਸ ਦੌਰਾਨ ਰਿਸ਼ਵਤ ਲੈਣ ਦਾ ਖ਼ੁਲਾਸਾ ਹੋਇਆ।