ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਾਰਚ
ਇਥੋਂ ਦੇ ਸਾਹਨੇਵਾਲ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਲਗਪਗ ਦੋ ਹਫ਼ਤੇ ਮਗਰੋਂ ਅੱਜ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਧਮਕੀ ਦੇਣ ਵਾਲੇ ਵਿਅਕਤੀ ਦੀ ਹਾਲੇ ਪਛਾਣ ਨਹੀਂ ਹੋ ਸਕੀ। ਹਵਾਈ ਅੱਡੇ ਦੇ ਅਸਿਸਟੈਂਟ ਮੈਨੇਜਰ ਪਵਨ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ 18 ਫਰਵਰੀ ਨੂੰ ਉਹ ਆਪਣੀ ਡਿਊਟੀ ’ਤੇ ਤਾਇਨਾਤ ਸੀ। ਇਸ ਦੌਰਾਨ ਉਸ ਦੇ ਮੋਬਾਈਲ ’ਤੇ ਆਪਣੇ ਆਪ ਨੂੰ ਨਵਦੀਪ ਉਰਫ ਨਵੀ ਦੱਸਣ ਵਾਲੇ ਵਿਅਕਤੀ ਨੇ ਅਗਲੇ 24 ਘੰਟੇ ’ਚ ਚਾਰ ਉਡਾਣਾਂ ਵਿੱਚ ਬੰਬ ਲਾਉਣ ਅਤੇ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ। ਫੋਨ ਆਉਣ ਤੋਂ ਬਾਅਦ ਪਵਨ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਾਂਚ ਕਰਕੇ ਅੱਜ ਦੋ ਹਫ਼ਤੇ ਮਗਰੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।