ਗੁਰਬਖਸ਼ਪੁਰੀ
ਤਰਨ ਤਾਰਨ, 8 ਦਸੰਬਰ
ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ਾਂ ਤਹਿਤ ਬੀਤੇ ਪੰਜ ਸਾਲਾਂ ਤੋਂ ਚਰਚਾ ਵਿੱਚ ਰਹੀ ਸਾਬਕਾ ਐੱਸਡੀਐੱਮ ਅਨੁਪ੍ਰੀਤ ਕੌਰ ਖ਼ਿਲਾਫ਼ ਥਾਣਾ ਸਿਟੀ ਪੁਲੀਸ ਨੇ ਆਪਣੇ ਭਰਾ ਸੰਦੀਪ ਸਿੰਘ ਵਾਸੀ ਨਾਗਕਲਾਂ (ਅੰਮ੍ਰਿਤਸਰ) ਨੂੰ ਗ਼ੈਰਕਾਨੂੰਨੀ ਢੰਗ ਨਾਲ ਲੱਖਾਂ ਰੁਪਏ ਦਾ ਲਾਭ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਹ ਕੇਸ ਐੱਸਐੱਸਪੀ ਦੇ ਹੁਕਮਾਂ ਤਹਿਤ ਦਰਜ ਕੀਤਾ ਗਿਆ ਹੈ। ਉਕਤ ਮਹਿਲਾ ਅਧਿਕਾਰੀ ’ਤੇ ਕੌਮੀ ਮਾਰਗ ਨੰਬਰ-54 ਲਈ ਕਿਸਾਨਾਂ ਦੀ ਐਕੁਆਇਰ ਕੀਤੀ ਗਈ ਜ਼ਮੀਨ ਲਈ ਕੇਂਦਰ ਵੱਲੋਂ ਜਾਰੀ ਕੀਤੇ ਮੁਆਵਜ਼ੇ ਵਿੱਚੋਂ ਚਾਰ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੱਗੇ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਅਧਿਕਾਰੀ ਨੇ ਇਸ ਰਕਮ ਦਾ ਇੱਕ ਹਿੱਸਾ ਪਹਿਲਾਂ ਆਪਣੇ ਘਰ ਸਾਫ਼-ਸਫਾਈ ਦਾ ਕੰਮ ਕਰਨ ਵਾਲੀ ਜਸਬੀਰ ਕੌਰ ਵਾਸੀ ਮਾਨਾਂਵਾਲਾ ਦਾ ਬੈਂਕ ਖਾਤਾ ਖੁੱਲ੍ਹਵਾ ਕੇ ਉਸ ਵਿੱਚ ਜਮ੍ਹਾਂ ਕਰਵਾਇਆ ਤੇ ਅਗਲੇ ਦਿਨ ਇਹ ਰਕਮ ਉਸ ਨੇ ਆਪਣੇ ਭਰਾ ਦੇ ਖਾਤੇ ਵਿੱਚ ਤਬਦੀਲ ਕਰਵਾ ਦਿੱਤੀ ਸੀ। ਇਸ ਮਾਮਲੇ ਦੀ ਜਾਂਚ ਪਹਿਲਾਂ ਉਸ ਵੇਲੇ ਦੇ ਐੱਸਡੀਐੱਮ ਪੱਟੀ ਨਵਰਾਜ ਸਿੰਘ ਨੇ ਕੀਤੀ ਸੀ ਤੇ ਹੁਣ ਏਆਈਜੀ ਇਨਵੈਸਟੀਗੇਸ਼ਨ-ਕਮ-ਡਾਇਰੈਕਟਰ ਆਫ਼ ਬਿਊਰੋ ਆਫ ਪੰਜਾਬ ਵੱਲੋਂ ਕੀਤੀ ਗਈ ਹੈ, ਜਿਸ ਦੌਰਾਨ ਹੁਣ ਅਨੁਪ੍ਰੀਤ ਕੌਰ ਤੇ ਉਸ ਦੇ ਭਰਾ ਸੰਦੀਪ ਸਿੰਘ ਦੋਸ਼ੀ ਪਾਏ ਗਏ ਹਨ। ਜਾਣਕਾਰੀ ਅਨੁਸਾਰ ਇਸ ਅਧਿਕਾਰੀ ’ਤੇ ਪਹਿਲਾਂ ਵੀ ਹਿੰਦ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰਲੀ ਜ਼ਮੀਨ ਦੇ ਕਿਸਾਨਾਂ ਨੂੰ ਜਾਰੀ ਕੀਤੀ ਮੁਆਵਜ਼ਾ ਰਾਸ਼ੀ ਵਿੱਚ ਵੀ ਲਗਪਗ ਇੱਕ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਹੈ। ਅਨੁਪ੍ਰੀਤ ਕੌਰ ਨਾਲ ਸੰਪਰਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਗੱਲ ਨਹੀਂ ਹੋ ਸਕੀ। ਇਸ ਸਬੰਧੀ ਥਾਣਾ ਸਿਟੀ ਦੇ ਏਐੱਸਆਈ ਵਿਪਨ ਕੁਮਾਰ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।