ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਜਨਵਰੀ
ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾ ਰਹੀ ਹਵਾਈ ਉਡਾਣ ਵਿਚ ਕੁਝ ਯਾਤਰੂਆਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਹੇਠ ਪੁਲੀਸ ਨੇ ਗੁਜਰਾਤ ਦੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਯਾਤਰੀਆਂ ਨਾਲ ਦੁਰਵਿਹਾਰ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਵਿੱਚ ਲਕਸ਼ਮਣ ਬਾਈ ਭਾਟੀਆ, ਦਾਮੋਦਰ, ਪ੍ਰਤਾਪ ਸਿੰਘ, ਪਡਿਆਰ ਰਵੀ ਰਾਜ ਸਿੰਘ ਤੇ ਪਰਮਾਰ ਕਰਮ ਸਿੰਘ ਸ਼ਾਮਲ ਹਨ। ਇਹ ਸਾਰੇ ਗੁਜਰਾਤ ਦੇ ਵਾਸੀ ਹਨ ਤੇ ਇਨ੍ਹਾਂ ਖ਼ਿਲਾਫ਼ ਹਵਾਈ ਅੱਡਾ ਚੌਕੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਜੁਗਿੰਦਰਪਾਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਸ਼ਿਕਾਇਤ ‘ਤੇ ਪੁਲੀਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।