ਸਰਬਜੀਤ ਭੰਗੂ/ਜੈਸਮੀਨ ਭਾਰਦਵਾਜ
ਪਟਿਆਲਾ/ਨਾਭਾ, 3 ਜੂਨ
ਸਥਾਨਕ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਇੱਕ ਕੈਦੀ ਨੂੰ ਤੰਗ ਪ੍ਰੇਸ਼ਾਨ ਕਰਕੇ ਉਸ ਕੋਲੋਂ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਖ਼ਿਲਾਫ਼ ਏਡੀਜੀਪੀ (ਜੇਲ੍ਹਾਂ) ਦੇ ਆਦੇਸ਼ ’ਤੇ ਥਾਣਾ ਸਦਰ ਨਾਭਾ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਡੀਜੀਪੀ (ਜੇਲ੍ਹਾਂ) ਨੂੰ ਕੀਤੀ ਗਈ ਸ਼ਿਕਾਇਤ ’ਚ ਪਲਵਿੰਦਰ ਸਿੰਘ ਵਾਸੀ ਖਰੜ ਨੇ ਕਿਹਾ ਸੀ ਕਿ ਕਤਲ ਕੇਸ ’ਚ ਰੋਪੜ ਜੇਲ੍ਹ ਤੋਂ ਤਬਦੀਲ ਕਰ ਕੇ ਪਟਿਆਲਾ ਜੇਲ੍ਹ ਭੇਜੇ ਗਏ ਉਸ ਦੇ ਲੜਕੇ ਭਵਜੀਤ ਸਿੰਘ ਨੂੰ ਜੇਲ੍ਹ ਵਿੱਚ ਤੰਗ ਕੀਤਾ ਜਾ ਰਿਹਾ ਹੈ ਤੇ ਅਜਿਹੇ ਸੈੱਲ ’ਚ ਬੰਦ ਕੀਤਾ ਗਿਆ ਹੈ ਜਿਥੇ ਉਸ ਦੀ ਸਿਹਤ ਖ਼ਰਾਬ ਹੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਭਵਜੀਤ ਨੂੰ ਢੁਕਵੇਂ ਸੈੱਲ ’ਚ ਰੱਖਣ ਦੀ ਬੇਨਤੀ ਕਰਨ ’ਤੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਵਿਚੋਂ ਫੋਨ ਕਰਵਾ ਕੇ 2 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਰਾਸ਼ੀ ਵਿੱਚ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੂੰ ਵੀ ਹਿੱੱਸਾ ਦਿੱਤੇ ਜਾਣ ਦੀ ਗੱਲ ਆਖੀ ਗਈ ਸੀ।
ਜਾਣਕਾਰੀ ਅਨੁਸਾਰ ਏਡੀਜੀਪੀ (ਜੇਲ੍ਹਾਂ) ਵੱਲੋਂ ਪਟਿਆਲਾ ਪੁਲੀਸ ਨੂੰ ਭੇਜੇ ਗਏ ਪੱਤਰ ਵਿੱਚ ਡੀਆਈਜੀ (ਜੇਲ੍ਹਾਂ) ਵੱਲੋਂ ਕੀਤੀ ਗਈ ਮੁਢਲੀ ਜਾਂਚ ਦੇ ਹਵਾਲਾ ਦਿੱਤਾ ਗਿਆ ਹੈ। ਉਂਜ ਜੇਲ੍ਹ ਵਿਭਾਗ ਦੇ ਅਧਿਕਾਰੀ ਵੱਲੋਂ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਸਣੇ ਘਟਨਾ ਮੌਕੇ ਨਾਭਾ ਜੇਲ੍ਹ ਦੇ ਸੁਪਰਡੈਂਟ ਰਹੇ ਇਕਬਾਲ ਸਿੰਘ ਨੂੰ ਵੀ ਇਸ ਕੇਸ ’ਚ ਨਾਮਜ਼ਦ ਕਰਨ ਲਈ ਲਿਖਿਆ ਗਿਆ ਸੀ, ਪਰ ਹਾਲ ਦੀ ਘੜੀ ਡਿਪਟੀ ਸੁਪਰਡੈਂਟ ਖ਼ਿਲਾਫ਼ ਹੀ ਦਰਜ ਕੀਤਾ ਗਿਆ ਹੈ।
ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬੜ ਨੇ ਦੱਸਿਆ ਕਿ ਕਾਨੂੰਨੀ ਰਾਇ ਲੈਣ ਮਗਰੋਂ ਹੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਜੇਕਰ ਸੁਪਰਡੈਂਟ ਦੀ ਸ਼ਮੂਲੀਅਤ ਵੀ ਸਾਬਤ ਹੁੰਦੀ ਹੈ ਤਾਂ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ। ਉੱਧਰ ਇਕਬਾਲ ਸਿੰਘ ਨੂੰ ਇਥੋਂ ਬਦਲ ਕੇ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ ਤਾਇਨਾਤ ਕਰਦਿਆਂ, ਰਮਨਦੀਪ ਸਿੰਘ ਭੰਗੂ ਨੂੰ ਨਾਭਾ ਜੇਲ੍ਹ ’ਚ ਨਵਾਂ ਸੁਪਰਡੈਂਟ ਤਾਇਨਾਤ ਕੀਤਾ ਗਿਆ ਹੈ।