ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਮਈ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰਵਾਉਣ ਵਾਲੀ ਔਰਤ ਨੇ 10 ਦਿਨ ਪਹਿਲਾਂ ਪੁਲੀਸ ਕਮਿਸ਼ਨਰ ਦਫ਼ਤਰ ’ਚ ਬੈਂਸ ਦੇ ਸਮਰਥਕ ਨਾਲ ਕੁੱਟਮਾਰ ਕੀਤੀ ਸੀ। ਹਾਲਾਂਕਿ, ਬੈਂਸ ਸਮਰਥਕ ਨੇ ਵੀ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਪਰ ਹੁਣ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਉਸ ਦੇ ਖ਼ਿਲਾਫ਼ ਔਰਤ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਗਾਲੀ ਗਲੋਚ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਏਐੱਸਆਈ ਗੁਰਚਰਨਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਵਕੀਲ ਗੁਰਜੋਤ ਸਿੰਘ ਵਜੋਂ ਹੋਈ ਹੈ। ਪੁਲੀਸ ਨੂੰ ਦਿੱਤੇ ਬਿਆਨ ’ਚ ਔਰਤ ਨੇ ਦੱਸਿਆ ਕਿ 13 ਮਈ ਨੂੰ ਉਹ ਪੁਲੀਸ ਕਮਿਸ਼ਨਰ ਦਫ਼ਤਰ ਗਈ ਸੀ, ਜਿੱਥੇ ਮੁਲਜ਼ਮ ਨੇ ਨਾ ਸਿਰਫ਼ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ, ਬਲਕਿ ਉਸ ਨਾਲ ਗਾਲੀ-ਗਲੋਚ ਵੀ ਕੀਤਾ ਸੀ।