ਪੱਤਰ ਪ੍ਰੇਰਕ
ਮਾਨਸਾ, 12 ਫਰਵਰੀ
ਵਿਧਾਨ ਸਭਾ ਹਲਕੇ ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਬਣਾਂਵਾਲੀ ਖ਼ਿਲਾਫ਼ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਥਾਣਾ ਝੁਨੀਰ ਵਿਚ ਕੇਸ ਦਰਜ ਕੀਤਾ ਗਿਆ ਹੈ। ਸਰਦੂਲਗੜ੍ਹ ਦੇ ਰਿਟਰਨਿੰਗ ਅਫਸਰ ਤੇ ਐੱਸਡੀਐੱਮ ਮਨੀਸ਼ਾ ਰਾਣਾ ਨੇ ਦੱਸਿਆ ਕਿ ਚੋਣਾਂ ਦੌਰਾਨ ਰੋਡ ਸ਼ੋਅ ’ਤੇ ਰੋਕ ਲਗਾਈ ਹੋਈ ਹੈ ਪਰ ਬੀਤੇ ਦਿਨੀਂ ਪਿੰਡ ਫੱਤਾ ਮਾਲੋਕਾ ਨੇੜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਰੋਡ ਸ਼ੋਅ ਕਰ ਕੇ ਨਿਯਮਾਂ ਦੀ ਉਲੰਘਣਾ ਕੀਤੀ ਗਈ। ਰੋਡ ਸ਼ੋਅ ’ਚ ਸਰਦੂਲਗੜ੍ਹ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਸ਼ਮੂਲੀਅਤ ਹੋਣ ਕਰਕੇ ਧਾਰਾ 188, 171 (ਐਚ) ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿਚ ਕੋਈ ਵੀ ਬਿਨਾਂ ਪ੍ਰਵਾਨਗੀ ਤੋਂ ਚੋਣ ਪ੍ਰਚਾਰ ਜਾਂ ਮਾਡਲ ਕੋਡ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।