ਗਗਨਦੀਪ ਅਰੋੜਾ
ਲੁਧਿਆਣਾ, 28 ਅਪਰੈਲ
ਇਥੇ ਸ਼ੂਟਿੰਗ ਕਰ ਰਹੇ ਬੌਲੀਵੁੱਡ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਨਿਰਦੇਸ਼ਕ ਸਮੇਤ 34 ਜਣਿਆਂ ਖ਼ਿਲਾਫ਼ ਪੁਲੀਸ ਨੇ ਕਰਫਿਊ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਹ ਕਾਰਵਾਈ ਥਾਣਾ ਕੋਤਵਾਲੀ ਪੁਲੀਸ ਨੇ ਕੀਤੀ ਹੈ। ਇਸ ਮਾਮਲੇ ਵਿੱਚ ਜਿੰਮੀ ਸ਼ੇਰਗਿੱਲ ਦੇ ਤਿੰਨ ਸਾਥਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ‘ਪੰਜਾਬੀ ਟ੍ਰਿਬਿਊਨ’ ਦੇ 28 ਅਪਰੈਲ ਵਾਲੇ ਅੰਕ ਵਿੱਚ ‘ਕਰਫਿਊ ਦੀ ਉਲੰਘਣਾ: ਦੁਕਾਨਦਾਰਾਂ ’ਤੇ ਪਰਚੇ, ਕਲਾਕਾਰਾਂ ਦਾ ਸਿਰਫ ਚਲਾਨ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਹੋਈ ਸੀ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਆਰੀਆ ਸਕੂਲ ’ਚ ਜਿੰਮੀ ਸ਼ੇਰਗਿੱਲ ਵੱਲੋਂ ਸਮਾਜਿਕ ਦੂਰੀ ਸਮੇਤ ਹੋਰਨਾਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਇੱਕ ਵੈੱਬ ਸੀਰੀਜ਼ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਨੇ ਛਾਪਾ ਮਾਰ ਕੇ ਮਾਸਕ ਨਾ ਪਾਉਣ ਦਾ ਚਲਾਨ ਕਰ ਦਿੱਤਾ। ਅਗਲੇ ਦਿਨ ਮੰਗਲਵਾਰ ਦੇਰ ਰਾਤ ਜਦੋਂ ਪੁਲੀਸ ਨੂੰ ਸੂਚਨਾ ਮਿਲੀ ਕਿ ਸੈੱਟ ’ਤੇ 150 ਦੇ ਕਰੀਬ ਲੋਕ ਮੌਜੂਦ ਹਨ ਤਾਂ ਉਨ੍ਹਾਂ ਉਥੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਏਸੀਪੀ ਵਰਿਆਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਿੰਮੀ ਸ਼ੇਰਗਿੱਲ ਸਮੇਤ 34 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।