ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਮਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਸ ਆਲਟੋ ਕਾਰ ਵਿੱਚ ਕਾਤਲ ਫਰਾਰ ਹੋਏ ਸਨ, ਉਹ ਅੱਜ ਥਾਣਾ ਧਰਮਕੋਟ ਦੀ ਪੁਲੀਸ ਨੇ ਬਰਾਮਦ ਕਰ ਲਈ ਹੈ। ਇਹ ਕਾਰ ਧਰਮਕੋਟ ਤੋਂ ਲੁਧਿਆਣਾ ਜਾਂਦੇ ਰਾਹ ’ਤੇ ਇੱਕ ਖੇਤ ਵਿੱਚ ਖੜ੍ਹੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਪਗ ਦੋ ਵਜੇ ਤੋਂ ਇਹ ਕਾਰ ਇੱਥੇ ਖੜ੍ਹੀ ਸੀ, ਜਿਸ ਦੀ ਸੂਚਨਾ ਮਿਲਣ ’ਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਪੁਲੀਸ ਮੁਲਾਜ਼ਮਾਂ ਸਣੇ ਮੌਕੇ ’ਤੇ ਪਹੁੰਚੇ। ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਫੋਰੈਂਸਿਕ ਵਿਭਾਗ ਦੇ ਮਾਹਿਰਾਂ ਦੀ ਟੀਮ ਨੇ ਵੀ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲੇ ਤੱਕ ਕਾਰ ਵਿੱਚੋਂ ਪ੍ਰਾਪਤ ਹੋਏ ਸਾਮਾਨ ’ਚ ਇੱਕ ਨੰਬਰ ਪਲੇਟ ਮਿਲੀ ਹੈ।
ਇਸ ਸਬੰਧੀ ਐੱਸਐੱਸਪੀ ਖੁਰਾਨਾ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹਮਲਾਵਰ ਇਸੇ ਕਾਰ ਵਿੱਚ ਫਰਾਰ ਹੋਏ ਸਨ, ਜਿਸ ਨੂੰ ਇੱਥੇ ਛੱਡ ਕੇ ਉਹ ਕਿਸੇ ਹੋਰ ਕਾਰ ’ਤੇ ਅੱਗੇ ਗਏ ਹਨ। ਐੱਸਐੱਸਪੀ ਖੁਰਾਨਾ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਡੀਜੀਪੀ ਨੂੰ ਦੇ ਦਿੱਤੀ ਗਈ ਹੈ। ਥਾਣਾ ਧਰਮਕੋਟ ਦੇ ਐੱਸਐੱਚਓ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਆਲੇ-ਦੁਆਲੇ ਰਹਿੰਦੇ ਲੋਕਾਂ ਨੂੰ ਲੱਗਿਆ ਕਿ ਕਾਰ ਕਿਸੇ ਨਸ਼ੇੜੀ ਦੀ ਹੋਵੇਗੀ, ਪਰ ਜਦੋਂ ਦੁਪਹਿਰ ਤੱਕ ਕੋਈ ਗੱਡੀ ਕੋਲ ਨਾ ਆਇਆ ਤਾਂ ਉਨ੍ਹਾਂ ਪੁਲੀਸ ਨੂੰ ਸੂਚਿਤ ਕੀਤਾ।