ਕੇ.ਪੀ ਸਿੰਘ/ਪੀਟੀਆਈ
ਗੁਰਦਾਸਪੁਰ/ਸ਼ਿਮਲਾ, 25 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਕਾਰ ਖੱਡ ਵਿੱਚ ਡਿੱਗਣ ਕਰਕੇ ਪੰਜ ਵਿਅਕਤੀ ਹਲਾਕ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਹਾਦਸਾ ਤੀਸਾ ਤਹਿਸੀਲ ਵਿੱਚ ਸਤਰੁੰਦੀ ਕੋਲ ਹੋਇਆ। ਜ਼ਖ਼ਮੀਆਂ ਨੂੰ ਚੰਬਾ ਦੇ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਸ਼ਨਾਖਤ ਰਾਕੇਸ਼ ਕੁਮਾਰ, ਅਮਰਜੀਤ ਸਿੰਘ, ਮਨੋਹਰ, ਰਾਜੀਵ ਸ਼ਰਮਾ (ਸਾਰੇ ਵਾਸੀ ਗੁਰਦਾਸਪੁਰ) ਤੇ ਹੇਮ ਸਿੰਘ ਵਜੋਂ ਦੱਸੀ ਗਈ ਹੈ, ਜਿਹੜੇ ਦੋਸਤ ਸਨ ਗੁਰਦਾਸਪੁਰ ਨਾਲ ਸਬੰਧਿਤ ਦੋਸਤ ਸਨ। ਬਾਕੀ ਦੋ ਮ੍ਰਿਤਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਵਿੱਚ ਸ਼ਾਮਲ ਰਾਜੀਵ ਸ਼ਰਮਾ ਬੀਮਾ ਕੰਪਨੀ ਵਿੱਚ ਸਰਵੇਅਰ ਸਨ ਅਤੇ ਮਨਮੋਹਨ ਸਾਰੰਗਲ ਲੋਕ ਨਿਰਮਾਣ ਵਿਭਾਗ ਵਿੱਚ ਐਕਸੀਅਨ ਸੀ ਜਦਕਿ ਅਮਰਜੀਤ ਸਿੰਘ ਅੱਜ ਕਲ ਯੂਐੱਸਏ ਰਹਿ ਰਿਹਾ ਸੀ ਅਤੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਆਇਆ ਸੀ। ਇਹ ਹਾਦਸਾ ਐਤਵਾਰ ਸ਼ਾਮ ਕਰੀਬ ਚਾਰ ਵਜੇ ਚੰਬਾ ਨੇੜੇ ਹੋਇਆ ਜਦੋਂ ਤੀਸਾ ਤੋਂ ਚੁਰਾਹ ਸਾਚਪਾਸ ਪਾਂਗੀ ਮਾਰਗ ’ਤੇ ਸਤਰੁੰਡੀ ਦੇ ਕੋਲ ਬੋਲੈਰੋ ਗੱਡੀ ਧੁੰਦ ਕਾਰਨ ਕੰਟਰੋਲ ਤੋਂ ਬਾਹਰ ਹੋ ਕੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਕਰੀਬ ਮਹੀਨਾ ਪਹਿਲਾਂ ਚੰਬਾ ਨੇੜੇ ਇੱਕ ਹਾਦਸੇ ਵਿੱਚ ਟਾਟਾ ਸੂਮੋ ਗੱਡੀ ਹਾਦਸੇ ਦਾ ਸ਼ਿਕਾਰ ਹੋ ਹੋਈ ਸੀ ਜਿਸ ਦੇ ਬੀਮਾ ਕਲੇਮ ਦੀ ਸੈਟਲਮੈਂਟ ਲਈ ਇਹ ਸਾਰੇ ਵਿਅਕਤੀ ਤੀਸਾ ਤੋਂ ਬਗੋਟੂ ਗਏ ਸਨ। ਦੱਸਿਆ ਗਿਆ ਕਿ ਰਾਜੀਵ ਸ਼ਰਮਾ ਚੰਬਾ ਜਾਣ ਲਈ ਆਪਣੇ ਦੋਸਤ ਮਨਮੋਹਨ ਸਾਰੰਗਲ ਅਤੇ ਅਮਰੀਕਾ ਤੋਂ ਆਏ ਅਮਰਜੀਤ ਸਿੰਘ ਨੂੰ ਆਪਣੇ ਨਾਲ ਆਪਣੀ ਡਿਜ਼ਾਇਰ ਕਾਰ ਵਿੱਚ ਲੈ ਗਏ। ਉਨ੍ਹਾਂ ਆਪਣੀ ਕਾਰ ਚੰਬਾ ਵਿੱਚ ਹੀ ਛੱਡ ਦਿੱਤੀ ਅਤੇ ਉੱਥੋਂ ਇੱਕ ਬੋਲੈਰੋ ਗੱਡੀ ਕਿਰਾਏ ਤੇ ਲੈ ਕੇ ਅੱਗੇ ਰਵਾਨਾ ਹੋਏ ਅਤੇ ਵਾਪਸੀ ਤੇ ਇਹ ਹਾਦਸਾ ਵਾਪਰ ਗਿਆ।