ਜਗਮੋਹਨ ਸਿੰਘ
ਰੂਪਨਗਰ, 3 ਜੁਲਾਈ
ਰੂਪਨਗਰ ਜ਼ਿਲ੍ਹੇ ਅੰਦਰ ਇੱਕ ਚਿੱਟੇ ਰੰਗ ਦੀ ਪੋਲੋ ਕਾਰ ’ਤੇ ਆਉਂਦਾ ਇਕ ਵਿਅਕਤੀ ਢਾਬਿਆਂ ਦੇ ਬਾਹਰ ਖੜ੍ਹੇ ਵਾਹਨਾਂ ਵਿੱਚੋਂ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਬੀਤੇ ਦਿਨ ਉਹ ਇਕ ਢਾਬੇ ਦੇ ਬਾਹਰ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਪੁਲੀਸ ਦੀ ਗ੍ਰਿਫ਼ਤ ’ਚ ਆਉਣ ਤੋਂ ਬੱਚ ਕੇ ਫ਼ਰਾਰ ਹੋਣ ’ਚ ਸਫ਼ਲ ਰਿਹਾ। ਉਕਤ ਵਿਅਕਤੀ ਵੱਲੋਂ ਪਿਛਲੇ ਲਗਪਗ 15 ਦਿਨਾਂ ਦੌਰਾਨ ਘਨੌਲੀ ਅਤੇ ਭਰਤਗੜ੍ਹ ਖੇਤਰ ਵਿੱਚ ਦੋ ਢਾਬਿਆਂ ’ਤੇ ਚੋਰੀ ਦੀਆਂ ਵਾਰਦਾਤਾਂ ਕਰ ਕੇ ਲੱਖਾਂ ਰੁਪਏ ਕੀਮਤ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਜਾ ਚੁੱਕੀ ਹੈ, ਪਰ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਣ ਦੇ ਬਾਵਜੂਦ ਉਕਤ ਵਿਅਕਤੀ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਆ ਸਕਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਾਤਰ ਕਿਸਮ ਦਾ ਦਿਖਣ ਵਾਲੇ ਉਕਤ ਕਾਰ ਚਾਲਕ ਵੱਲੋਂ ਕਾਰ ਦੀ ਨੰਬਰ ਪਲੇਟ ਹਰ ਵਾਰ ਬਦਲ ਦਿੱਤੀ ਜਾਂਦੀ ਹੈ।
ਉਕਤ ਸ਼ਾਤਿਰ ਚੋਰ ਨੇ ਪਿੰਡ ਸਰਸਾ ਨੰਗਲ ਵਿੱਚ ਸਥਿਤ ਵਿਰਸਾ ਢਾਬੇ ’ਤੇ ਚੋਰੀ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਪਹਿਲਾਂ ਤੋਂ ਹੀ ਚੌਕਸ ਭਰਤਗੜ੍ਹ ਪੁਲੀਸ ਦੀ ਟੀਮ ਮੌਕੇ ’ਤੇ ਪਹੁੰਚ ਗਈ, ਪਰ ਜਦੋਂ ਪ੍ਰਾਈਵੇਟ ਗੱਡੀ ਵਿੱਚ ਸਵਾਰ ਪੁਲੀਸ ਮੁਲਾਜ਼ਮ ਚੋਰ ਨੂੰ ਰੰਗੇ ਹੱਥੀਂ ਕਾਬੂ ਕਰਨ ਲਈ ਉਸ ਵੱਲੋਂ ਵਾਰਦਾਤ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਅਚਾਨਕ ਉਕਤ ਚੋਰ ਦੀ ਨਜ਼ਰ ਪ੍ਰਾਈਵੇਟ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਵਰਦੀਧਾਰੀ ਪੁਲੀਸ ਮੁਲਾਜ਼ਮ ’ਤੇ ਪੈ ਗਈ। ਉਪਰੰਤ ਉਸ ਨੇ ਇੱਕਦਮ ਆਪਣੀ ਗੱਡੀ ਉੱਥੋਂ ਭਜਾ ਲਈ। ਪੁਲੀਸ ਵੱਲੋਂ ਤੁਰੰਤ ਘਨੌਲੀ ਤੇ ਭਰਤਗੜ੍ਹ ਵਿੱਚ ਨਾਕੇ ਲਗਵਾ ਦਿੱਤੇ ਗਏ, ਪਰ ਉਕਤ ਸ਼ਾਤਿਰ ਚੋਰ ਕਿਸੇ ਚੋਰ ਰਸਤੇ ਰਾਹੀਂ ਕਾਰ ਸਮੇਤ ਭੱਜਣ ਵਿੱਚ ਸਫਲ ਰਿਹਾ।
ਕੀ ਕਹਿੰਦੇ ਨੇ ਅਧਿਕਾਰੀ
ਪੁਲੀਸ ਚੌਕੀ ਭਰਤਗੜ੍ਹ ਦੇ ਇੰਚਾਰਜ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਰਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਸੜਕ ਦੇ ਦੂਜੇ ਪਾਸੇ ਸੀ ਜਦਕਿ ਉਹ ਮੁਲਜ਼ਮ ਪਾਸੇ ਸੀ। ਜਦੋਂ ਤੱਕ ਉਹ ਸੜਕ ਪਾਰ ਕਰ ਕੇ ਮੁਲਜ਼ਮ ਵਾਲੇ ਪਾਸੇ ਪਹੁੰਚੇ ਉਹ ਦੌੜ ਗਿਆ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲੈਣਗੇ। ਉੱਧਰ, ਜ਼ਿਲ੍ਹਾ ਰੂਪਨਗਰ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਜਲਦੀ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।