ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜੁਲਾਈ
ਇਥੇ ਬੰਦੀ ਸਿੱਖ ਗੁਰਦੀਪ ਸਿੰਘ ਖੇੜਾ ਦੀ ਅੱਜ ਸ਼ਾਮ ਐਂਜੀਓਗ੍ਰਾਫੀ ਕੀਤੀ ਗਈ ਤਾਂ ਕਿ ਦਿਲ ਦੀਆਂ ਨਾੜੀਆਂ ਵਿਚ ਆਈ ਰੁਕਾਵਟ ਦਾ ਪਤਾ ਲਾਇਆ ਜਾ ਸਕੇ। ਉਨ੍ਹਾਂ ਨੂੰ ਬੀਤੇ ਕੱਲ੍ਹ ਗੁਰੂ ਨਾਨਕ ਦੇਵ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਭਾਈ ਖੇੜਾ ਪਿਛਲੇ ਲਗਪਗ ਤਿੰਨ ਦਹਾਕਿਆਂ ਤੋਂ ਕਰਨਾਟਕਾ ਦੀ ਜੇਲ੍ਹ ਵਿਚ ਬੰਦ ਸਨ ਅਤੇ ਕੁਝ ਵਰ੍ਹੇ ਪਹਿਲਾਂ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕੀਤਾ ਗਿਆ ਸੀ। ਉਹ ਉਨ੍ਹਾਂ ਨੌਂ ਸਿੱਖ ਕੈਦੀਆਂ ਦੀ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਿਹਾਅ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੀ ਦੇਖਭਾਲ ਲਈ ਹਸਪਤਾਲ ਪੁੱਜੇ ਹਵਾਰਾ ਕਮੇਟੀ ਦੇ ਆਗੂ ਪ੍ਰੋ. ਬਲਜਿੰਦਰ ਸਿੰਘ ਨੇ ਆਖਿਆ ਕਿ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਅੱਜ ਉਨ੍ਹਾਂ ਦਾ ਈਕੋ ਟੈਸਟ ਅਤੇ ਸ਼ਾਮ ਨੂੰ ਐਂਜੀਓਗ੍ਰਾਫੀ ਕੀਤੀ ਗਈ। ਇਸ ਦੀ ਰਿਪੋਰਟ ਬਾਰੇ ਡਾਕਟਰਾਂ ਵਲੋਂ ਖੁਲਾਸਾ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੀ ਅਗਲੇ ਇਲਾਜ ਬਾਰੇ ਵਿਚਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਟਵੀਟ ਰਾਹੀਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਅੱਜ ਇਲਾਜ ਤਸੱਲੀਬਖਸ਼ ਹੋਇਆ। ਦੱਸਣਯੋਗ ਹੈ ਕਿ ਬੀਤੀ ਸ਼ਾਮ ਭਾਈ ਖੇੜਾ ਦੀ ਪਤਨੀ ਅਤੇ ਹਵਾਰਾ ਕਮੇਟੀ ਦੇ ਆਗੂਆਂ ਨੇ ਇਲਾਜ ਬਾਰੇ ਅਸੰਤੁਸ਼ਟੀ ਜਤਾਈ ਸੀ। ਉਨ੍ਹਾਂ ਨੂੰ ਜੇਲ੍ਹ ਵਿਚੋਂ ਛਾਤੀ ਅਤੇ ਪੇਟ ਵਿਚ ਤੇਜ਼ ਦਰਦ ਦੀ ਸ਼ਿਕਾਇਤ ਮਗਰੋਂ ਇਥੋਂ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਹਿਲਾਂ ਹਵਾਰਾ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਨੇ ਦੋਸ਼ ਲਾਏ ਸਨ ਕਿ ਗੁਰਦੀਪ ਸਿੰਘ ਨੂੰ ਜਿਸ ਵਾਰਡ ਵਿਚ ਭੇਜਿਆ ਗਿਆ ਹੈ ਉਸ ਵਾਰਡ ਦਾ ਮੁਖੀ ਡਾਕਟਰ ਛੁੱਟੀ ’ਤੇ ਹੈ ਅਤੇ ਸਹਾਇਕ ਡਾਕਟਰ ਵੀ ਨਹੀਂ ਹੈ। ਉਨ੍ਹਾਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਸੀ।