ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਸਤੰਬਰ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਰਨਾ ਦੇਣ ਨੂੰ ਸਿਆਸੀ ਨੌਟੰਕੀ ਕਰਾਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਨੂੰ ਖੇਤੀਬਾੜੀ ਜਿਣਸ ਦੀ ਮੰਡੀ ਐਲਾਨਣ ਦਾ ਆਰਡੀਨੈਂਸ ਜਾਰੀ ਕਰਕੇ ਤੇ 2017 ਵਿੱਚ ਸੋਧੇ ਆਪਣੇ ਹੀ ਏਪੀਐਮਸੀ ਐਕਟ ਨੂੰ ਵਾਪਸ ਲੈ ਕੇ ਹੀ ਉਥੇ ਜਾਣਾ ਚਾਹੀਦਾ ਸੀ ਕਿਉਂਕਿ ਇਸ ਐਕਟ ’ਚ ਵੀ ਕਾਂਗਰਸ ਸਰਕਾਰ ਨੇ ਉਹੀ ਮੱਦਾਂ ਸ਼ਾਮਲ ਕੀਤੀਆਂ ਹਨ ਜੋ ਕੇਂਦਰ ਦੇ ਨਵੇਂ ਐਕਟ ’ਚ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਚੇਤੇ ਕਰਵਾਇਆ ਕਿ ਕਿਵੇਂ ਕੁਝ ਸਾਲ ਪਹਿਲਾਂ ਕੁਝ ਲੋਕਾਂ ਨੇ ਪੀਪੀਪੀ ਨਾਂ ਦੀ ਇਕ ਪਾਰਟੀ ਖਟਕੜ ਕਲਾਂ ਦੀ ਧਰਤੀ ਤੋਂ ਸ਼ੁਰੂ ਕੀਤੀ ਸੀ। ਉਨ੍ਹਾਂ ਸਵਾਲ ਕੀਤਾ ਕਿ ਉਸ ਪਾਰਟੀ ਦੇ ਸੰਸਥਾਪਕ ਹੁਣ ਕਿੱਥੇ ਹਨ ਜਿਨ੍ਹਾਂ ਸ਼ਹੀਦ-ਏ-ਆਜ਼ਮ ਦੇ ਨਾਂ ’ਤੇ ਸਹੁੰ ਚੁੱਕੀ ਸੀ ਪਰ ਅੱਜ ਉਹ ਉਸ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ ਜਿਸ ਦਾ ਭਗਤ ਸਿੰਘ ਨੇ ਵਿਰੋਧ ਕੀਤਾ ਸੀ। ਉਨ੍ਹਾਂ ਭਗਤ ਸਿੰਘ ਨੂੰ ਉਨ੍ਹਾਂ ਦੇ 113ਵੇਂ ਜਨਮ ਦਿਵਸ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਗੁਰਦਾਸਪੁਰ (ਕੇ.ਪੀ.ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨੀ ਅਤੇ ਪੰਜਾਬ ਨੂੰ ਬਚਾਉਣ ਦੀ ਖ਼ਾਤਰ ਛੇੜੀ ਗਈ ਲੜਾਈ ਨੂੰ ਸਿਰੇ ਲਾਉਣ ਤੋਂ ਬਿਨਾਂ ਖ਼ਤਮ ਨਹੀਂ ਕੀਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿਚ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਲੋਕ ਸਭਾ ਅਤੇ ਰਾਜ ਸਭਾ ਵਿਚ ਧੱਕੇਸ਼ਾਹੀ ਕਰਕੇ ਆਰਡੀਨੈਂਸ ਪਾਸ ਕਰਵਾਇਆ ਤੇ ਬਾਅਦ ਵਿਚ ਸਰਕਾਰ ਨੇ ਰਾਸ਼ਟਰਪਤੀ ਕੋਲੋਂ ਵੀ ਇਸ ਬਿੱਲ ’ਤੇ ਦਸਤਖ਼ਤ ਕਰਵਾ ਕੇ ਇਸ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਹੈ। ਸ੍ਰੀ ਬਾਦਲ ਨੇ ਕੈਪਟਨ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਜਾਣ ਦੇ ਕੀਤੇ ਐਲਾਨ ਸਬੰਧੀ ਕਿਹਾ ਕਿ ਸੁਪਰੀਮ ਕੋਰਟ ਵਿਚ ਜਾਣ ਤੋਂ ਪਹਿਲਾਂ ਕੈਪਟਨ ਸਰਕਾਰ ਪੰਜਾਬ ਵਿਚ ਇਸ ਆਰਡੀਨੈਂਸ ਵਰਗੇ ਬਣਾਏ ਗਏ ਐਕਟ ਨੂੰ ਰੱਦ ਕਰਕੇ ਦਿਖਾਏ। ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਕਾਂਗਰਸੀ ਆਗੂ ਪੰਜਾਬ ਦੇ ਲੋਕਾਂ ਨੂੰ ਇਹ ਜੁਆਬ ਦੇਣ ਕਿ ਜਦੋਂ ਇਸ ਆਰਡੀਨੈਂਸ ਵਿਰੁੱਧ ਵੋਟਾਂ ਪਾਉਣ ਦਾ ਸਮਾਂ ਸੀ ਤਾਂ ਉਸ ਮੌਕੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮੇਤ ਕਾਂਗਰਸ ਦੇ ਹੋਰ ਸੰਸਦ ਮੈਂਬਰ ਪੂਰੀ ਗਿਣਤੀ ਵਿਚ ਕਿਉਂ ਨਹੀਂ ਪੁੱਜੇ। ਉਨ੍ਹਾਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਇਕ ਪਲੇਟਫਾਰਮ ’ਤੇ ਇਕੱਠੇ ਹੋਣ ਅਤੇ ਅਕਾਲੀ ਦਲ ਉਨ੍ਹਾਂ ਦੇ ਪਿੱਛੇ ਲੱਗੇਗਾ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿਚ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਹਿੰਸਕ ਹੋਣ ਦੀ ਗੱਲ ਆਖ ਕੇ ਖੇਤੀ ਬਿੱਲਾਂ ਖਿਲਾਫ ਸੰਘਰਸ਼ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ ਹੈ। ਖੇਤੀ ਬਿੱਲਾਂ ਖਿਲਾਫ ਅਕਾਲੀ ਵਰਕਰਾਂ ਅਤੇ ਸਮਰਥਕਾਂ ਨੂੰ ਇਕਜੁੱਟ ਕਰਨ ਲਈ ਪੰਜਾਬ ਦੌਰਾ ਕਰ ਰਹੇ ਸੁਖਬੀਰ ਬਾਦਲ ਅੱਜ ਕੱਥੂਨੰਗਲ ਪੁੱਜੇ ਤੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ਦੀ ਪੰਜਾਬ ਇਕਾਈ ਤੇ ਹੋਰ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਕਿਸਾਨਾਂ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਲੜਾਈ ਲੜਨ ਲਈ ਸਾਂਝੇ ਪਲੇਟਫਾਰਮ ’ਤੇ ਇਕੱਠੇ ਹੋਣ।