ਗਗਨਦੀਪ ਅਰੋੜਾ
ਲੁਧਿਆਣਾ, 28 ਜਨਵਰੀ
ਪੰਜਾਬ ਲੋਕ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਕੇ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਤਾਂ ਉਤਾਰ ਦਿੱਤੇ ਹਨ, ਪਰ ਹੁਣ ਕੈਪਟਨ ਦੇ ਚੋਣ ਮੈਦਾਨ ਵਿੱਚ ਉਤਰੇ ਉਨ੍ਹਾਂ ਦੇ ਖ਼ਿਡਾਰੀਆਂ ਦਾ ਪੇਚ ਚੋਣ ਨਿਸ਼ਾਨ ’ਤੇ ਫਸ ਗਿਆ ਹੈ। ਕੈਪਟਨ ਦੇ ਖ਼ਿਡਾਰੀ ਚੋਣਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਲੜਨਾ ਚਾਹੁੰਦੇ ਹਨ, ਪਰ ਅੰਦਰ ਖਾਤੇ ਕੈਪਟਨ ਪਰਿਵਾਰ ਚਾਹੁੰਦਾ ਹੈ ਕਿ ਉਨ੍ਹਾਂ ਦੇ ਉਮੀਦਵਾਰ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ ‘ਹਾਕੀ ਤੇ ਗੇਂਦ’ ਉਤੇ ਚੋਣਾਂ ਲੜਨ। ਇਸ ਕਰਕੇ ਚੋਣ ਮੈਦਾਨ ਵਿੱਚ ਉੱਤਰੇ ਕੈਪਟਨ ਦੇ ਖ਼ਿਡਾਰੀ ਹਾਲੇ ਖੁੱਲ੍ਹ ਕੇ ਆਪਣਾ ਚੋਣ ਪ੍ਰਚਾਰ ਵੀ ਨਹੀਂ ਕਰ ਪੈ ਰਹੇ ਤੇ ਹਾਲੇ ਤੱਕ ਕਿਸੇ ਨੇ ਨਾਮਜ਼ਦਗੀ ਵੀ ਦਾਖਲ ਨਹੀਂ ਕੀਤੀ।
ਪੰਜਾਬ ਲੋਕ ਕਾਂਗਰਸ ਵੱਲੋਂ ਲੁਧਿਆਣਾ ਜ਼ਿਲ੍ਹੇ ’ਚ ਚਾਰ ਵਿਧਾਨ ਸਭਾ ਹਲਕਿਆਂ ’ਚ ਆਪਣੇ ਉਮੀਦਵਾਰ ਉਤਾਰੇ ਹਨ। ਇਨ੍ਹਾਂ ’ਚੋਂ ਤਿੰਨ ਸ਼ਹਿਰੀ ਹਲਕੇ ਅਤੇ ਇੱਕ ਪੇਂਡੂ ਖੇਤਰ ਦੀ ਹੈ। ਚੋਣ ਕਮਿਸ਼ਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਨੂੰ ਹਾਕੀ ਗੇਂਦ ਦਾ ਨਿਸ਼ਾਨ ਦਿੱਤਾ ਹੈ, ਪਰ ਉਮੀਦਵਾਰ ਚਾਹੁੰਦੇ ਹਨ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ’ਤੇ ਚੋਣ ਲੜਨ ਕਿਉਂਕਿ ਸ਼ਹਿਰੀ ਹਲਕਿਆਂ ਵਿੱਚ ਭਾਜਪਾ ਦਾ ਵੋਟ ਬੈਂਕ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਪੁੱਤਰ ਯੁਵਰਾਜ ਰਣਇੰਦਰ ਸਿੰਘ ਨੇ ਇਸ ਦੇ ਹੱਕ ’ਚ ਹਾਮੀ ਨਹੀਂ ਭਰ ਰਹੇ। ਇਸੇ ਕਾਰਨ ਹੁਣ ਇਸ ’ਤੇ ਪੇਚ ਫਸ ਗਿਆ ਹੈ। ਲੁਧਿਆਣਾ ’ਚ ਪੰਜਾਬ ਲੋਕ ਕਾਂਗਰਸ ਆਤਮ ਨਗਰ, ਦੱਖਣੀ, ਪੂਰਬੀ ਤੇ ਦਾਖਾ ਸੀਟ ’ਤੇ ਚੋਣ ਲੜ ਰਹੀ ਹੈ। ਇਸ ’ਚ ਦਾਖਾ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰੀ ਹਲਕੇ ਦੀਆਂ ਸੀਟਾਂ ਹਨ ਅਤੇ ਹਿੰਦੂ ਬਹੁਤ ਗਿਣਤੀ ਵਾਲੇ ਇਲਾਕੇ ਹਨ।
ਵਿਧਾਨ ਸਭਾ ਹਲਕਾ ਆਤਮ ਨਗਰ, ਦੱਖਣੀ ਤੇ ਪੂਰਬੀ ਅਜਿਹੇ ਵਿਧਾਨ ਸਭਾ ਹਲਕੇ ਹਨ, ਜਿੱਥੇ 30 ਤੋਂ 40 ਫੀਸਦੀ ਵੋਟ ਬੈਂਕ ਹਿੰਦੂ ਹੈ। ਇਨ੍ਹਾਂ ’ਚ ਜ਼ਿਆਦਾ ਅਬਾਦੀ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਸੂਬਿਆਂ ’ਚੋਂ ਆ ਕੇ ਵਸੀ ਹੋਈ ਹੈ ਤੇ ਉਨ੍ਹਾਂ ਦੇ ਵੋਟ ਇੱਥੇ ਬਣੀ ਹੋਈ ਹੈ। ਉਨ੍ਹਾਂ ਦੇ ਭਾਜਪਾ ਦੇ ਹੱਕ ’ਚ ਭੁਗਤਣ ਦੀ ਵੱਧ ਸੰਭਾਵਨਾ ਹੈ। ਹਲਕਾ ਪੂਰਬੀ ਤੋਂ ਚੋਣ ਲੜ ਰਹੇ ਜਗਮੋਹਨ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਉਹ ਕਮਲ ਦੇ ਨਿਸ਼ਾਨ ’ਤੇ ਚੋਣ ਲੜਦੇ ਹਨ ਤਾਂ ਉਨ੍ਹਾਂ ਨੂੰ ਲਾਜ਼ਮੀ ਜ਼ਿਆਦਾ ਵੋਟਾਂ ਪੈਣਗੀਆਂ। ਇਸ ਲਈ ਉਹ ਪਾਰਟੀ ਨੂੰ ਅਜਿਹਾ ਆਖ ਰਹੇ ਹਨ।