ਪਾਲ ਸਿੰਘ ਨੌਲੀ
ਜਲੰਧਰ, 6 ਨਵੰਬਰ
ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਆਪਣਾ ਚੋਣਾਂ ਲੜਨ ਦਾ ਸਟੈਂਡ ਮੁੜ ਦੁਹਰਾਉਂਦਿਆ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਲਾਂਭੇ ਕਰਕੇ ਕਿਸਾਨਾਂ ਨੂੰ ਆਪਣੇ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ ਅਤੇ ਕੈਪਟਨ ਨੂੰ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਨਹੀਂ ਵੱਟਣ ਦਿੱਤਾ ਜਾਵੇਗਾ। ਇੱਥੋਂ ਨੇੜਲੇੇ ਕਸਬਾ ਕਾਲਾ ਸੰਘਿਆ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਸਮੇਤ ਹਰ ਵਰਗ ਨੂੰ ਲੁੱਟਿਆ ਹੈ। ਹੁਣ ਜਦੋਂ ਭਾਜਪਾ ਸਮੁੱਚੇ ਦੇਸ਼ ਨੂੰ ਵੇਚਣ ਦੇ ਰਾਹ ਪਈ ਹੋਈ ਹੈ ਤਾਂ ਉਸ ਦੇ ਅੱਗੇ ਹਿੱਕ ਡਾਹ ਕੇ ਕਿਸਾਨ ਤੇ ਮਜ਼ਦੂਰ ਹੀ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਹਨ। ਸ੍ਰੀ ਚੜੂਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਖੇਤੀ ਦੇ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨਹੀਂ ਸੀ ਗਏ ਸਗੋਂ ਆਪਣੀ ਬਣਾਈ ਨਵੀਂ ਪਾਰਟੀ ਦਾ ਭਾਜਪਾ ਨਾਲ ਚੋਣ ਗੱਠਜੋੜ ਕਰਨ ਲਈ ਗਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ 700 ਤੋਂ ਵੱਧ ਹੋਈਆਂ ਕਿਸਾਨਾਂ ਦੀਆਂ ਸ਼ਹੀਦੀਆਂ ਦਾ ਭਾਜਪਾ ਰਾਹੀਂ ਮੁੱਲ ਨਹੀ ਵੱਟਣ ਦੇਵਾਂਗੇ। ਉਨ੍ਹਾਂ ਕਿਹਾ ਰੋਜ਼ਾਨਾ ਕਿਸਾਨ ਤੇ ਮਜ਼ਦੂਰ ਨਿੱਕੇ ਨਿੱਕੇ ਕਰਜ਼ਿਆਂ ਕਾਰਨ ਖੁਦਕਸ਼ੀ ਕਰਦੇ ਹਨ ਪਰ ਜਿਹੜੇ ਅਰਬਾਂ ਰੁਪਏ ਲੈ ਗਏ ਉਹ ਸਰਕਾਰ ਦੀ ਸ਼ਹਿ ’ਤੇ ਐਸ਼ਾਂ ਕਰ ਰਹੇ ਹਨ। ਇਸ ਮੌਕੇ ਪਗੜੀ ਸੰਭਾਲ ਲਹਿਰ ਪੰਜਾਬ ਦੇ ਆਗੂ ਸਤਨਾਮ ਸਿੰਘ ਬਾਗੜੀਆ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨ ਆਉਂਦੀਆਂ 2024 ਦੀਆਂ ਲੋਕ ਸਭਾ ਚੋਣਾਂ ਤੱਕ ਵੀ ਕਿਸਾਨ ਅੰਦੋਲਨ ਚਲਾਉਣ ਦੇ ਸਮਰੱਥ ਹਨ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਏਕਤਾ, ਦਿੜ੍ਹਤਾ ਦੇ ਨਾਲ ਕਿਸਾਨ ਮੋਰਚੇ ਹਾਜ਼ਰੀ ਵਧਾਉਣਾ ਸਮੇਂ ਦੀ ਲੋੜ ਹੈ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਡੀਏਪੀ ਮਾਮਲਾ: ਚੜੂਨੀ ਨੇ ਤੋਮਰ ਨੂੰ ਪੱਤਰ ਲਿਖਿਆ
ਐਸ.ਏ.ਐਸ. ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੈਸ਼ਨਲ ਫਲਟੀਲਾਈਜ਼ਰ ਲਿਮਟਿਡ ਕੰਪਨੀ ਵੱਲੋਂ ਖਾਦ ਕੰਪਨੀਆਂ ਨੂੰ ਯੂਰੀਆ ਖਾਦ ਨਾਲ ਜ਼ਬਰਦਸਤੀ ਸਲਫ਼ਰ ਅਤੇ ਹੋਰ ਸਾਮਾਨ ਵੇਚਣ ਤੋਂ ਰੋਕਿਆ ਅਤੇ ਅਜਿਹਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਲਿਖਿਆ ਹੈ ਕਿ ਹਾਲੇ ਖੇਤੀ ਕਾਨੂੰਨ ਲਾਗੂ ਨਹੀਂ ਹੋਏ ਪਰ ਖਾਦ ਕੰਪਨੀਆਂ ਨੇ ਕਾਲਾਬਾਜ਼ਾਰੀ ਅਤੇ ਕਿਸਾਨਾਂ ਨਾਲ ਜ਼ਬਰਦਸਤੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਚੜੂਨੀ ਨੇ ਲਿਖਿਆ ਕਿ 3 ਨਵੰਬਰ ਨੂੰ ਜ਼ਿਲ੍ਹਾ ਕੁਰੂਕਸ਼ੇਤਰ ਦੇ ਸ਼ਾਹਬਾਦ ਵਿੱਚ ਨੈਸ਼ਨਲ ਫਰਟੀਲਾਈਜ਼ਰ ਲਿਮਟਡ ਕੰਪਨੀ ਵੱਲੋਂ ਯੂਰੀਆ ਖਾਦ ਦੇ ਰੈਕ ਨਾਲ ਇਕ ਵੈਗਨ ਸਲਫ਼ਰ ਵੀ ਜ਼ਬਰਦਸਤੀ ਵੰਡ ਦਿੱਤੀ।