ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਨਵੰਬਰ
ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੇ ਮਗਰੋਂ ਨਵੀਂ ਪਾਰਟੀ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਅਗਲੀ ਵਿਧਾਨ ਸਭਾ ਚੋਣ ਆਪਣੇ ਜੱਦੀ ਹਲਕੇ ਪਟਿਆਲਾ ਤੋਂ ਹੀ ਲੜਨਗੇ। ਕਈ ਟੀਵੀ ਚੈਨਲਾਂ ਨੇ ਕੈਪਟਨ ਦੇ ਹਵਾਲੇ ਨਾਲ ਖ਼ਬਰ ਨਸ਼ਰ ਕੀਤੀ ਹੈ ਕਿ ਪਟਿਆਲਾ ਨਾਲ ਉਨ੍ਹਾਂ ਦੇ ਪਰਿਵਾਰ ਦੀ ਚਾਰ ਸੌ ਸਾਲ ਪੁਰਾਣੀ ਸਾਂਝ ਹੈ ਤੇ ਉਹ ਸਿਰਫ਼ ਨਵਜੋਤ ਸਿੱਧੂ ਕਰ ਕੇ ਮੈਦਾਨ ਨਹੀਂ ਛੱਡਣ ਵਾਲੇ। ਜ਼ਿਕਰਯੋਗ ਹੈ ਕਿ ਅਮਰਿੰਦਰ ਦਾ ਪਰਿਵਾਰ ਇੱਥੋਂ ਬਾਕਾਇਦਾ ਰਾਜਨੀਤਕ ਪਿੜ ਸਰ ਕਰਦਾ ਰਿਹਾ ਹੈ। ਕੈਪਟਨ ਨੇ ਤਿੰਨ ਵਾਰ ਹਾਰ ਵੀ ਝੱਲੀ, ਪਰ
ਉਹ ਪਟਿਆਲਾ ਤੋਂ 1980 ’ਚ ਵੋਟਾਂ ਦੇ ਵੱਡੇੇ ਫਰਕ ਨਾਲ ਐਮਪੀ ਬਣੇ ਸਨ। ਉਹ ਪਹਿਲੀ ਵਾਰ 1985 ’ਚ ਤਲਵੰਡੀ ਸਾਬੋ ਅਤੇ ਦੂਜੀ ਵਾਰ 1992 ’ਚ ਸਮਾਣਾ ਤੋਂ ਵਿਧਾਇਕ ਬਣੇ ਸਨ। ਸੰਨ 2002, 2007, 2012 ਅਤੇ 2017 ’ਚ ਲਗਾਤਾਰ ਚਾਰ ਵਾਰ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ। ਹਾਲਾਂਕਿ ਐਤਕੀਂ ਹਾਲਾਤ ਵੱਖਰੇ ਹਨ ਤੇ ਚੋਣ ਦ੍ਰਿਸ਼ ਦਿਲਚਸਪ ਹੋ ਗਿਆ ਹੈ। ਕੈਪਟਨ ਦੇ ਕੱਟੜ ਵਿਰੋਧੀ ਹੋ ਨਿੱਬੜੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਪਹਿਲਾਂ ਪਟਿਆਲਾ ਦਿਹਾਤੀ ਤੇ ਫੇਰ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜਨ ਦੀਆਂ ਕਿਆਸਰਾਈਆਂ ਲਾਈਆਂ ਜਾਂਦੀਆਂ ਰਹੀਆਂ ਹਨ ਪਰ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਖੁਦ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੇ ਪੁਰਾਣੇ ਹਲਕੇ ਅੰਮ੍ਰਿਤਸਰ ਤੋਂ ਹੀ ਚੋਣ ਲੜਨਗੇ। ਰਾਜਸੀ ਹਲਕਿਆਂ ’ਚ ਬ੍ਰਹਮ ਮਹਿੰਦਰਾ ਨੂੰ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਰਹੀ ਹੈ। ਪਰ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਐਤਕੀਂ ਉਨ੍ਹਾਂ ਦੇ ਹਲਕੇ ਪਟਿਆਲਾ ਦਿਹਾਤੀ ਤੋਂ ਉਨ੍ਹਾਂ ਦਾ ਬੇਟਾ ਮੋਹਿਤ ਮਹਿੰਦਰਾ ਕਾਂਗਰਸ ਦਾ ਉਮੀਦਵਾਰ ਹੋ ਸਕਦਾ ਹੈ।
ਪਟਿਆਲਾ ਸ਼ਹਿਰੀ ਸੀਟ ਲਈ ਮਹਿੰਦਰਾ ਦੇ ਨਾਂ ਦੀ ਚਰਚਾ
ਚਰਚਾ ਹੈ ਕਿ ਐਤਕੀਂ ਬ੍ਰਹਮ ਮਹਿੰਦਰਾ ਦੀ ਅਗਵਾਈ ਵਾਲੇ ਹਲਕੇ ਪਟਿਆਲਾ ਦਿਹਾਤੀ ਤੋਂ ਉਨ੍ਹਾਂ ਦਾ ਬੇਟਾ ਮੋਹਿਤ ਮਹਿੰਦਰਾ ਕਾਂਗਰਸੀ ਉਮੀਦਵਾਰ ਹੋ ਸਕਦਾ ਹੈ। ਭਾਵੇਂ ਅਜਿਹੇ ਆਸਾਰ ਘੱਟ ਹਨ, ਪਰ ਲੋਕ ਅਟਕਲਾਂ ਲਾ ਰਹੇ ਹਨ ਕਿ ਕਾਂਗਰਸ ਹਾਈਕਮਾਨ ਬ੍ਰਹਮ ਮਹਿੰਦਰਾ ਨੂੰ ਉਨ੍ਹਾਂ ਦੇ ਪੁਰਾਣੇ ਹਲਕੇ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਮੈਦਾਨ ’ਚ ਉਤਾਰ ਸਕਦੀ ਹੈ। ਦੱਸਣਾ ਬਣਦਾ ਹੈ ਕਿ 1984 ਦੀਆਂ ਘਟਨਾਵਾਂ ਮਗਰੋਂ ਹੋਈ 1985 ਦੀ ਚੋਣ ਦੌਰਾਨ ਬਨੂੜ ਤੋਂ ਬਠਿੰਡਾ ਤੱਕ ਕਾਂਗਰਸ ਦੇ ਵਧੇਰੇ ਉਮੀਦਵਾਰ ਹਾਰ ਗਏ ਸਨ, ਪਰ ਪਟਿਆਲਾ ਸ਼ਹਿਰੀ ਹਲਕੇ ਤੋਂ ਬ੍ਰਹਮ ਮਹਿੰਦਰਾ ਜੇਤੂ ਹੋ ਕੇ ਨਿਕਲੇ ਸਨ।
ਮੈਂ ਆਪਣੇ ਪਰਿਵਾਰ ਨਾਲ ਖੜ੍ਹੀ ਹਾਂ: ਪ੍ਰਨੀਤ ਕੌਰ
ਅਸ਼ਵਨੀ ਗਰਗ
ਸਮਾਣਾ, 21 ਨਵੰਬਰ
ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਕਾਂਗਰਸ ਵਿੱਚ ਰਹਿਣ ਜਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਨਵੀਂ ਪਾਰਟੀ ਵਿੱਚ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਖੜ੍ਹੇ ਹਨ। ਉਹ ਅੱਜ ਸਮਾਣਾ ਵਿੱਚ ਲਾਈਨਜ਼ ਕਲੱਬ ਗੋਲਡ ਵੱਲੋਂ ਲਗਾਏ ਗਏ ਅੱਖਾਂ ਦੇ ਮੁਫ਼ਤ ਕੈਂਪ ਦਾ ਉਦਘਾਟਨ ਕਰਨ ਪੁੱਜੇ ਸਨ।
ਇਸ ਮੌਕੇ ਪ੍ਰਨੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਪੰਜਾਬ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦਾ ਗੁਣਗਾਨ ਕੀਤਾ। ਕਿਸਾਨੀ ਸੰਘਰਸ਼ ਦੌਰਾਨ ਵਿਧਾਨ ਸਭਾ ਵਿਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਲੈ ਕੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਸਿਹਰਾ ਵੀ ਉਨ੍ਹਾਂ ਕੈਪਟਨ ਸਿਰ ਹੀ ਬੰਨ੍ਹਿਆ। ਉਨ੍ਹਾਂ ਦਾਅਵਾ ਕੀਤਾ ਕਿ ਸਮਾਣਾ ਲਈ 27 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ, ਜੋ ਪਿਛਲੇ ਦਿਨੀਂ ਸ਼ੁਰੂ ਹੋਏ ਹਨ, ਉਹ ਉਨ੍ਹਾਂ ਕੈਪਟਨ ਦੇ ਮੁੱਖ ਮੰਤਰੀ ਰਹਿੰਦਿਆਂ ਹੀ ਪਾਸ ਕਰਵਾਏ ਸਨ। ਉਨ੍ਹਾਂ ਕਿਹਾ ਕਿ ਕੈਪਟਨ ਸਮਾਣਾ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹੇ ਹਨ ਪਰ ਇਸ ਪ੍ਰਾਜੈਕਟ ਦੀ ਸ਼ੁਰੂਆਤ ਸਮੇਂ ਉਨ੍ਹਾਂ ਨੂੰ ਯਾਦ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਨਗਰ ਕੌਂਸਲ ਸਮਾਣਾ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਗੋਪਾਲ ਕ੍ਰਿਸ਼ਨ ਗਰਗ, ਪਵਨ ਬਾਂਸਲ ਤੇ ਹੋਰ ਹਾਜ਼ਰ ਸਨ।