ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
‘ਆਪ’ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੀ ਸਰਕਾਰ ਵੇਲੇ ਦੇ ਭ੍ਰਿਸ਼ਟ ਵਿਧਾਇਕਾਂ ਅਤੇ ਵਜ਼ੀਰਾਂ ਖ਼ਿਲਾਫ਼ ਸਬੂਤ ਹਨ ਤਾਂ ਉਹ ‘ਆਪ’ ਸਰਕਾਰ ਹਵਾਲੇ ਕਰਨ। ਵਿੱਤ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਸਬੂਤ ਅਤੇ ਫਾਈਲਾਂ ਦੇਣ, ਭ੍ਰਿਸ਼ਟ ਲੋਕਾਂ ਨੂੰ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ‘ਆਪ’ ਸਰਕਾਰ ਭੇਜੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਬੂਲ ਕਰ ਲਿਆ ਹੈ ਕਿ ਉਨ੍ਹਾਂ ਦੀ ਸਰਕਾਰ ਸਮੇਂ ਭ੍ਰਿਸ਼ਟਾਚਾਰ ਹੋਇਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ‘ਜ਼ੀਰੋ ਟੌਲਰੈਂਸ’ ਨੀਤੀ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਆਖਦੇ ਆ ਰਹੇ ਹਨ ਕਿ ਜਿਨ੍ਹਾਂ ਵਜ਼ੀਰਾਂ ਤੇ ਵਿਧਾਇਕਾਂ ਨੇ ਉਸ ਦੀ ਹਕੂਮਤ ਦੌਰਾਨ ਭ੍ਰਿਸ਼ਟਾਚਾਰ ਕੀਤਾ ਸੀ ਅਤੇ ਮਾਫ਼ੀਆ ਦੀ ਭੂਮਿਕਾ ਨਿਭਾਈ ਸੀ, ਉਸ ਦੇ ਸਬੂਤ ਸੋਨੀਆ ਗਾਂਧੀ ਨੂੰ ਵੀ ਸੌਂਪੇ ਗਏ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਤਤਕਾਲੀ ਭ੍ਰਿਸ਼ਟ ਵਜ਼ੀਰਾਂ ਦੀਆਂ ਫਾਈਲਾਂ ਅਤੇ ਸਬੂਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸੌਂਪਣਗੇ। ‘ਆਪ’ ਆਗੂ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਭ੍ਰਿਸ਼ਟ ਵਜ਼ੀਰਾਂ ਦੇ ਨਾਮ ਨਸ਼ਰ ਕਰਨੇ ਚਾਹੀਦੇ ਹਨ।
ਕੈਪਟਨ ਖੁਦ ਦਲਦਲ ’ਚ ਫਸੇ: ਦੂਲੋ
ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਖ਼ੁਦ ਦਲਦਲ ਵਿਚ ਫਸੇ ਹੋਏ ਸਨ। ਜੇਕਰ ਉਹ ਚਾਹੁੰਦੇ ਤਾਂ ਉਦੋਂ ਹੀ ਭ੍ਰਿਸ਼ਟ ਮਾਫ਼ੀਏ ਖ਼ਿਲਾਫ਼ ਕਾਰਵਾਈ ਕਰਦੇ ਪਰ ਅਮਰਿੰਦਰ ਸਿੰਘ ਨੇ ਮਾਫ਼ੀਆ ’ਤੇ ਆਪਣਾ ਹੱਥ ਰੱਖਿਆ। ਹੁਣ ਜਦੋਂ ਵਿੱਤ ਮੰਤਰੀ ਚੀਮਾ ਨੇ ਸਬੂਤ ਮੰਗ ਲਏ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਕਸੂਤੀ ਸਥਿਤੀ ਵਿਚ ਫਸ ਗਏ ਹਨ।