ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਜੂਨ
ਪੰਜਾਬ ’ਚ ਕਈ ਥਾਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਪੋਸਟਰ ਲਾਉਣ ਅਤੇ ਹਟਾਉਣ ਦੀ ਚੱਲ ਰਹੀ ‘ਜੰਗ’ ਦਰਮਿਆਨ ਅੱਜ ਜਗਰਾਉਂ ਦੀਆਂ ਸੜਕਾਂ ’ਤੇ ਥਾਂ-ਥਾਂ ਪ੍ਰਤਾਪ ਸਿੰਘ ਬਾਜਵਾ ਦੇ ਫਲੈਕਸ ਬੋਰਡ ਦੇਖਣ ਨੂੰ ਮਿਲੇ। ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਵਾਲੇ ਤਹਿਸੀਲ ਚੌਕ ’ਚ ਪੁਲ ਦੇ ਉੱਤੇ ਦਰਜਨ ਦੇ ਕਰੀਬ ਫਲੈਕਸ ਬੋਰਡ ਲੱਗੇ ਸਨ। ਇਸੇ ਤਰ੍ਹਾਂ ਸ਼ਹਿਰ ਦੇ ਪ੍ਰਮੁੱਖ ਰਾਣੀ ਝਾਂਸੀ ਚੌਕ ਵਿੱਚ ਦੋ ਵੱਡੇ ਹੋਰਡਿੰਗ ਤੇ ਫਲੈਕਸ ਬੋਰਡ ਦੂਰੋਂ ਨਜ਼ਰ ਆ ਰਹੇ ਸਨ।
ਰਾਏਕੋਟ ਰੋਡ, ਨਗਰ ਕੌਂਸਲ ਦਫ਼ਤਰ ਦੇ ਸਾਹਮਣੇ, ਕੱਚਾ ਮਲਕ ਰੋਡ ਸਮੇਤ ਹੋਰ ਮਾਰਗਾਂ ’ਤੇ ਵੀ ਇਹ ਫਲੈਕਸ ਬੋਰਡ ਗੱਡੇ ਹੋਏ ਸਨ। ਇਨ੍ਹਾਂ ’ਤੇ ‘ਮੰਗਦਾ ਪੰਜਾਬ ਗੁਰੂ ਦੀ ਬੇਅਦਬੀ ਗੋਲੀਆਂ ਦਾ ਜਵਾਬ’ ਅਤੇ ‘ਨੌਜਵਾਨੀ ਤੇ ਨਸ਼ਿਆਂ ਦੀ ਗੱਲ, ਲੱਭਣਾ ਪਵੇਗਾ ਹੱਲ’ ਦੀ ਇਬਾਰਤ ਦਰਜ ਸੀ। ਦੱਸਣਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੀ ਥਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਵਾਲੇ ਕੈਪਟਨ ਨੇ ਹੀ ਚੋਣ ਪ੍ਰਚਾਰ ਦੌਰਾਨ ਬੇਅਦਬੀ ਤੇ ਨਸ਼ਿਆਂ ਦੇ ਮੁੱਦੇ ’ਤੇ ਇਸ ਨਾਲ ਮਿਲਦੇ ਜੁਲਦੇ ਨਾਅਰੇ ਦਿੱਤੇ ਸਨ। ਇਹ ਸਾਰੇ ਬੋਰਡ ਇੰਜਨੀਅਰ ਜਗਦੀਪ ਸਿੰਘ ਨੇ ਲਗਵਾਏ ਹਨ। ਇਨ੍ਹਾਂ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਵੱਡੀ ਤਸਵੀਰ ਲਾਈ ਗਈ ਹੈ।
ਬੋਰਡ ਲਵਾਉਣ ਵਾਲੇ ਇੰਜਨੀਅਰ ਜਗਦੀਪ ਸਿੰਘ ਜਗਰਾਉਂ ਨੇ ਦੱਸਿਆ ਕਿ ਅਜਿਹੇ ਕੁੱਲ 30 ਬੋਰਡ ਸ਼ਹਿਰ ਦੇ ਹਰ ਪਾਸੇ ਲਾਏ ਗਏ ਹਨ। ਇਨ੍ਹਾਂ ਨੂੰ ਲਾਉਣ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਵਾਪਸੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬਾਜਵਾ ਪੰਜਾਬ ਦੀ ਸਿਆਸਤ ’ਚ ਸਰਗਰਮ ਹੋ ਰਹੇ ਹਨ ਅਤੇ ਹਾਈ ਕਮਾਨ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪਣ ਜਾ ਰਹੀ ਹੈ। ਪੰਜਾਬ ਦੇ ਸਾਰੇ ਸ਼ਹਿਰਾਂ ’ਚ ਪ੍ਰਤਾਪ ਸਿੰਘ ਬਾਜਵਾ ਦੇ ਅਜਿਹੇ ਬੋਰਡ ਲਾਏ ਜਾਣਗੇ। ਹਲਕਾ ਇੰਚਾਰਜ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਇਨ੍ਹਾਂ ਬੋਰਡਾਂ ਬਾਰੇ ਅਗਿਆਨਤਾ ਪ੍ਰਗਟਾਈ ਹੈ।