ਦਵਿੰਦਰ ਪਾਲ
ਚੰਡੀਗੜ੍ਹ, 27 ਅਗਸਤ
ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਨੇ ਅੱਜ ਇੱਥੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਬਹੁਮੱਤ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ। ਇਸ ਵਫ਼ਦ ਵਿੱਚ ‘ਆਪ’ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਜੈ ਸਿੰਘ ਰੋੜੀ ਸਣੇ ਜਗਤਾਰ ਸਿੰਘ ਸੰਘੇੜਾ ਅਤੇ ਮਲਵਿੰਦਰ ਸਿੰਘ ਕੰਗ ਵੀ ਸ਼ਾਮਲ ਸਨ।
ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਦੇ ਵਫ਼ਦ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਘੱਟ ਗਿਣਤੀ ’ਚ ਹੋਣ ਦਾ ਦਾਅਵਾ ਕਰਦਿਆਂ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਸਦਨ ’ਚ ਬਹੁਮੱਤ ਸਾਬਿਤ ਕਰਨ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਸੱਤ ਦਿਨਾਂ ਅੰਦਰ ਬਹੁਮਤ ਸਾਬਿਤ ਕਰਨ ਤੋਂ ਇਨਕਾਰੀ ਹੁੰਦੇ ਹਨ ਤਾਂ ਮੌਜੂਦਾ ਸਰਕਾਰ ਨੂੰ ਤੁਰੰਤ ਭੰਗ ਕੀਤਾ ਜਾਵੇ।
ਰਾਜਪਾਲ ਨੂੰ ਮਿਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਚੀਮਾ ਨੇ ਕਿਹਾ ਕਿ ਬਾਗੀ ਕਾਂਗਰਸੀਆਂ ਨੇ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਦੇਹਰਾਦੂਨ ਜਾਂ ਦਿੱਲੀ ਦੇ ਗੇੜੇ ਮਾਰਨ ਦੀ ਲੋੜ ਨਹੀਂ, ਬਲਕਿ ਉਹ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਜਾ ਕੇ ਹੀ ਪੰਜਾਬ ਬਚਾਅ ਸਕਦੇ ਹਨ, ਪਰ ਉਨ੍ਹਾਂ ਨੂੰ ਰਾਜਪਾਲ ਨੂੰ ਆਪਣੇ ਅਸਤੀਫ਼ੇ ਸੌਂਪ ਕੇ ਕੈਪਟਨ ਪ੍ਰਤੀ ਵਿਧਾਨ ਸਭਾ ’ਚ ਬੇਭਰੋਸਗੀ ਦਰਜ ਕਰਾਉਣੀ ਪਵੇਗੀ। ਚੀਮਾ ਮੁਤਾਬਕ ਸਾਢੇ ਚਾਰ ਸਾਲ ’ਚ ਮਾਫ਼ੀਆ ਰਾਜ ਦਾ ਹਿੱਸਾ ਰਹੇ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੇ ਦੇਰ ਨਾਲ ਹੀ ਸਹੀ, ਪਰ ਦਰੁਸਤ ਸਟੈਂਡ ਲੈਂਦੇ ਹੋਏ ਇਕਬਾਲ ਕੀਤਾ ਹੈ ਕਿ ਕੈਪਟਨ ਸਰਕਾਰ ਵਾਅਦਿਆਂ ਤੋਂ ਮੁਕਰ ਚੁੱਕੀ ਹੈ।
ਜੈ ਸਿੰਘ ਰੋੜੀ ਨੇ ਸਵਾਲ ਕੀਤਾ, ‘‘ਕੀ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਮਨਜ਼ੂਰ ਹੈ? ਜੇ ਉਨ੍ਹਾਂ ਨੂੰ ਕੈਪਟਨ ਹੀ ਮਨਜ਼ੂਰ ਹੈ ਤਾਂ ਸਾਫ਼ ਹੁੰਦਾ ਹੈ ਕਿ ਉਹ ਸਿਰਫ਼ ਕੁਰਸੀ ਲਈ ਲੜ ਰਹੇ ਹਨ ਅਤੇ ਜੇਕਰ ਉਹ ਕੈਪਟਨ ਵਿਰੁੱਧ ਬੇਭਰੋਸਗੀ ਪ੍ਰਗਟ ਨਹੀਂ ਕਰਦੇ ਤਾਂ ਉਹ ਮਾਫ਼ੀਆ ਰਾਜ ਨਾਲ ਮਿਲੇ ਹੋਣ ਦੇ ਦਾਗ ਧੋਣ ਦਾ ਆਖਰੀ ਮੌਕਾ ਵੀ ਗੁਆ ਦੇਣਗੇ।’‘ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਸਮਰਥਨ ਗੁਆ ਚੁੱਕੇ ਹਨ ਤੇ ਹੁਣ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਨਹੀਂ।