ਚਰਨਜੀਤ ਭੁੱਲਰ
ਚੰਡੀਗੜ੍ਹ, 23 ਜੂਨ
ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਨੂੰ ਨਬਿੇੜਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮਾਂਬੱਧ ‘ਹੋਮ ਵਰਕ’ ਦੇ ਦਿੱਤਾ ਹੈ। ਹਾਈਕਮਾਨ ਨੇ ਮੁੱਖ ਮੰਤਰੀ ਨੂੰ 18 ਨੁਕਤਿਆਂ ’ਤੇ ਅਧਾਰਿਤ ਏਜੰਡਾ ਦਿੱਤਾ ਹੈ। ਇਹੀ ਨਹੀਂ ਅਮਰਿੰਦਰ ਨੂੰ ਇਹ ਡੇਢ ਦਰਜਨ ਵਾਅਦੇ ਪੂਰੇ ਕਰਨ ਲਈ ਡੈੱਡਲਾਈਨ ਵੀ ਦਿੱਤੀ ਗਈ ਹੈ। ਮੁੱਖ ਮੰਤਰੀ ਖ਼ਿਲਾਫ਼ ਬਾਗੀ ਸੁਰ ਰੱਖਣ ਵਾਲੇ ਵਜ਼ੀਰਾਂ ਅਤੇ ਵਿਧਾਇਕਾਂ ਨੇ ਪਹਿਲਾਂ ਖੜਗੇ ਕਮੇਟੀ ਅਤੇ ਪਿੱਛੋਂ ਰਾਹੁਲ ਗਾਂਧੀ ਕੋਲ ਕੁਝ ਨੁਕਤੇ ਰੱਖੇ ਸਨ, ਜਿਨ੍ਹਾਂ ਦੇ ਆਧਾਰ ’ਤੇ ਇਹ 18 ਨੁਕਾਤੀ ਏਜੰਡਾ ਤਿਆਰ ਕਰਕੇ ਮੁੱਖ ਮੰਤਰੀ ਹੱਥ ਫੜਾਇਆ ਗਿਆ ਹੈ।
ਸਿਆਸੀ ਮਾਹਿਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਕਾਂਗਰਸ ਹਾਈਕਮਾਨ ਦੀ ਅੰਦਰੂਨੀ ਪਕੜ ਵਿਚ ਜਾਪਦੇ ਹਨ। ਮੁੱਖ ਮੰਤਰੀ ਨੂੰ ਸੌਂਪੇ 18 ਨੁਕਤਿਆਂ ਵਿਚ ਨਵਜੋਤ ਸਿੱਧੂ ਵੱਲੋਂ ਚੁੱਕੇ ਬਹੁਤੇ ਮਸਲੇ ਵੀ ਸ਼ਾਮਲ ਹਨ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਸਮੁੱਚੇ ਮਸਲੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਮਸ਼ਵਰਾ ਵੀ ਲਿਆ। ਉਸ ਮਗਰੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਇੰਦਰਬੀਰ ਬੁਲਾਰੀਆ ਵੀ ਮਿਲੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਸਮੁੱਚੀ ਤਸਵੀਰ ਨੂੰ ਵਾਚਣ ਮਗਰੋਂ ਆਪਣਾ ਮਨ ਬਣਾ ਲਿਆ ਹੈ। ਪਤਾ ਲੱਗਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 8 ਜੁਲਾਈ ਤੱਕ ਪੰਜਾਬ ਵਿਵਾਦ ਨੂੰ ਖ਼ਤਮ ਕਰ ਦੇਣਗੇ, ਜਿਸ ਲਈ ਹਾਈਕਮਾਨ ਨੇ ਫ਼ਾਰਮੂਲਾ ਤੈਅ ਕਰ ਰੱਖਿਆ ਹੈ। ਚੇਤੇ ਰਹੇ ਕਿ ਰਾਹੁਲ ਗਾਂਧੀ ਨੇ ਨਾਰਾਜ਼ ਵਿਧਾਇਕਾਂ ਤੇ ਵਜ਼ੀਰਾਂ ਨੂੰ ਮਿਲਣ ਦਾ ਅਮਲ ਮੰਗਲਵਾਰ ਤੋਂ ਸ਼ੁਰੂ ਕੀਤਾ ਸੀ। ਇਨ੍ਹਾਂ ਮੀਟਿੰਗਾਂ ਦੌਰਾਨ ਰਾਹੁਲ ਗਾਂਧੀ ਨੇ ਸਾਰੇ ਆਗੂਆਂ ਨੂੰ ਉਚੇਚੇ ਤੌਰ ’ਤੇ ਪੁੱਛਿਆ ਕਿ ਅਗਲੀ ਚੋਣ ਵਿਚ ਮੁੱਖ ਮੰਤਰੀ ਦਾ ਚਿਹਰਾ ਕਿਸ ਨੂੰ ਬਣਾਇਆ ਜਾਵੇ। ਕੈਪਟਨ ਅਮਰਿੰਦਰ ਬਾਰੇ ਵੀ ਰਾਇ ਜਾਣੀ ਗਈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਦੱਸਿਆ ਕਿ ਬਰਗਾੜੀ ਅਤੇ ਨਸ਼ਿਆਂ ਦੇ ਮੁੱਦੇ ਸਮੇਤ ਡੇਢ ਦਰਜਨ ਮੁੱਦਿਆਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਗਿਆ ਹੈ। ਰਾਵਤ ਨੇ ਉਚੇਚੇ ਤੌਰ ’ਤੇ ਰੇਤ ਮਾਫੀਏ, ਟਰਾਂਸਪੋਰਟ ਮਾਫੀਆ ਤੇ ਬਿਜਲੀ ਸਮਝੌਤਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ਵਿਚ ਜੋ ਬਾਕੀ ਬਚ ਗਏ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਲਈ ਆਖਿਆ ਗਿਆ ਹੈ। ਰਾਵਤ ਨੇ ਦੱਸਿਆ ਕਿ ਦਲਿਤ ਤੇ ਗਰੀਬ ਲੋਕਾਂ ਨੂੰ ਕਰਜ਼ ਮੁਆਫੀ, ਜ਼ਮੀਨਾਂ ਦੇ ਮਾਲਕਾਨਾ ਹੱਕ, ਵਜ਼ੀਫਾ ਅਤੇ ਸ਼ਹਿਰੀ ਖੇਤਰ ਵਿਚ ਪਰਿਵਾਰਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਲਈ ਕਿਹਾ ਗਿਆ ਹੈ। ਬਰਗਾੜੀ ਮਾਮਲੇ ਨੂੰ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਬਿਜਲੀ ਸਮਝੌਤਿਆਂ ਦੇ ਮਾਮਲੇ ਬਾਰੇ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਲੋੜ ਪੈਣ ’ਤੇ ਬੁਲਾਇਆ ਜਾਵੇਗਾ ਅਤੇ ਜੋ ਸਿੱਧੂ ਨੇ ਬਿਆਨਬਾਜ਼ੀ ਕੀਤੀ ਹੈ, ਉਸ ਦੀ ਸਮੀਖਿਆ ਕਰਕੇ ਸਲਾਹ ਜਾਂ ਨਿਰਦੇਸ਼ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਤਫ਼ਸੀਲੀ ਰਿਪੋਰਟ ਦਿੱਤੀ ਹੋਈ ਹੈ ਅਤੇ ਹਾਈਕਮਾਨ ਜਲਦੀ ਫੈਸਲਾ ਲਵੇਗੀ। ਪਤਾ ਲੱਗਾ ਹੈ ਕਿ ਹਰੀਸ਼ ਰਾਵਤ ਨੇ ਇਹ ਵੀ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਜ਼ਿੰਮੇਵਾਰੀ ਦਿੱਤੀ ਜਾਵੇਗੀ ਅਤੇ ਉਸ ਦੀ ਸਮਰੱਥਾ ਦੀ ਵਰਤੋਂ ਕੀਤੀ ਜਾਵੇਗੀ। ਉਧਰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਰਾਹੁਲ ਗਾਂਧੀ ਕੋਲ ਪੰਜਾਬ ਚੋਣਾਂ ਨੂੰ ਜਿੱਤਣ ਲਈ ਆਪਣਾ ਨਜ਼ਰੀਆ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਵਿਵਾਦ ਇੱਕ ਹਫਤੇ ਵਿਚ ਸੁਲਝਾ ਲਿਆ ਆਵੇਗਾ। ਉਨ੍ਹਾਂ ਸੁਨੀਲ ਜਾਖੜ ਨਾਲ ਮੱਤਭੇਦ ਹੋਣ ਤੋਂ ਇਨਕਾਰ ਕੀਤਾ।
ਰਾਹੁਲ ਨੂੰ ਬਿਨਾਂ ਮਿਲੇ ਪਰਤੇ ਅਮਰਿੰਦਰ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੱਲੋਂ ਦੋ ਦਿਨਾਂ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮੀਟਿੰਗ ਲਈ ਨਾ ਬੁਲਾਏ ਜਾਣ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ। ਰਾਹੁਲ ਗਾਂਧੀ ਨੇ ਹਾਲਾਂਕਿ ਪਾਰਟੀ ਦੇ ਛੋਟੇ ਆਗੂਆਂ ਨੂੰ ਵੀ ਮੁਲਾਕਾਤ ਦਾ ਸਮਾਂ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਅਮਰਿੰਦਰ ਮੰਗਲਵਾਰ ਨੂੰ ਖੜਗੇ ਕਮੇਟੀ ਨਾਲ ਮੁਲਾਕਾਤ ਕਰਨ ਮਗਰੋਂ ਗਾਂਧੀ ਪਰਿਵਾਰ ਦਾ ਸੱਦਾ ਆਉਣ ਦੀ ਉਡੀਕ ਵਿਚ ਦਿੱਲੀ ਰੁਕ ਗਏ ਸਨ। ਜਦੋਂ ਕੋਈ ਗੱਲ ਨਾ ਬਣੀ ਤਾਂ ਮੁੱਖ ਮੰਤਰੀ ਅੱਜ ਸਵੇਰੇ 11 ਵਜੇ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਗਏ। ਅਮਰਿੰਦਰ ਨੇ ਪਾਰਟੀ ਆਗੂਆਂ ਨੂੰ ਮੰਗਲਵਾਰ ਰਾਤ ਡਿਨਰ ਵੀ ਦਿੱਤਾ, ਜਿਸ ਵਿਚ ਰਾਣਾ ਸੋਢੀ, ਰਵਨੀਤ ਬਿੱਟੂ, ਗੁਰਜੀਤ ਔਜਲਾ, ਅਸ਼ਵਨੀ ਸੇਖੜੀ, ਮਨੀਸ਼ ਤਿਵਾੜੀ ਆਦਿ ਸ਼ਾਮਲ ਸਨ।
ਜਾਖੜ ਨੇ ਅਮਰਿੰਦਰ ਦੇ ਸਲਾਹਕਾਰਾਂ ’ਤੇ ਉਂਗਲ ਚੁੱਕੀ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਦੇ ਸਲਾਹਕਾਰਾਂ ’ਤੇ ਸੁਆਲ ਉਠਾਏ ਹਨ। ਇਸ ਤੋਂ ਬਿਨਾਂ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਕੋਲ ਪਾਰਟੀ ਦੀ ਮਜ਼ਬੂਤੀ ਅਤੇ ਨੇਤਾਵਾਂ ਵਿਚਲੇ ਵਿਚਾਰਧਾਰਕ ਮੱਤਭੇਦਾਂ ਨੂੰ ਦੂਰ ਕਰਨ ਦਾ ਮਾਮਲਾ ਵਿਚਾਰਿਆ। ਜਾਖੜ ਨੇ ਰਾਹੁਲ ਨੂੰ ਮਸ਼ਵਰਾ ਦਿੱਤਾ ਕਿ ਛੇਤੀ ਨਿਪਟਾਰਾ ਪਾਰਟੀ ਲਈ ਮਜ਼ਬੂਤੀ ਵਾਲਾ ਹੋਵੇਗਾ।
ਬਾਜਵਾ ਅੱਜ ਕਰਨਗੇ ਨੌਕਰੀ ਵਾਪਸ
ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਲੋਕ ਦਬਾਓ ਬਣਨ ਮਗਰੋਂ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਆਪਣੇ ਲੜਕੇ ਨੂੰ ਮਿਲੀ ‘ਇੰਸਪੈਕਟਰ’ ਦੀ ਨੌਕਰੀ ਨੂੰ ਛੱਡਣ ਦਾ ਫੈਸਲਾ ਕਰ ਲਿਆ ਹੈ। ਹਰੀਸ਼ ਰਾਵਤ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬਾਜਵਾ ਭਲਕੇ ਵੀਰਵਾਰ ਨੂੰ ਇਸ ਬਾਰੇ ਪ੍ਰੈੱਸ ਕਾਨਫਰੰਸ ਵੀ ਕਰਨਗੇ। ਉਧਰ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪਰਿਵਾਰ ਵੱਲੋਂ ਵੀ ਛੇਤੀ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਭਾਵੇਂ ਇਹ ਨੌਕਰੀਆਂ ਵਾਪਸ ਕਰ ਦਿੱਤੀਆਂ ਜਾਣ, ਪਰ ਪਾਰਟੀ ਦੇ ਅਕਸ ਨੂੰ ਲੱਗੀ ਢਾਹ ਦੀ ਭਰਪਾਈ ਕਰਨੀ ਔਖੀ ਹੋਵੇਗੀ।