ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਾਰਗਿਲ ਜੰਗ ਦੀ 22ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਫ਼ੌਜ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਇੱਥੇ ਬੋਗਨਵਿਲੀਆ ਗਾਰਡਨ ਸਥਿਤ ਜੰਗੀ ਯਾਦਗਾਰ ਵਿੱਚ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਪੰਜਾਬ ਦੇ 54 ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੈਪਟਨ ਨੇ ਕਾਰਗਿਲ ਵਿਜੈ ਦਿਵਸ ’ਤੇ ਜੰਗੀ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਆਖਿਆ ਕਿ ਭਾਰਤੀ ਜਵਾਨਾਂ ਨੇ ਜੁਲਾਈ 1999 ਵਿੱਚ ਔਖੇ ਮੌਸਮੀ ਹਾਲਾਤ ਦੌਰਾਨ ਕਾਰਗਿਲ ਤੇ ਦਰਾਸ ਇਲਾਕਿਆਂ ’ਚ ਘੁਸਪੈਠ ਕਰਨ ਵਾਲੀਆਂ ਪਾਕਿਸਤਾਨੀ ਫ਼ੌਜਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਇਸ ਦੌਰਾਨ ਪੀਏਪੀ ਗਰੁੱਪ ਦੇ ਕਮਾਂਡਰ ਡੀਐੱਸਪੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਗਾਰਡ ਆਫ ਆਨਰ ਰਾਹੀਂ ਸਲਾਮੀ ਦਿੱਤੀ ਗਈ। ਸਮਾਗਮ ਵਿੱਚ ਕਈ ਸੀਨੀਅਰ ਅਤੇ ਸੇਵਾਮੁਕਤ ਰੱਖਿਆ ਅਫ਼ਸਰ ਵੀ ਸ਼ਾਮਲ ਹੋਏ। ਇਸ ਮੌਕੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਟੀਐੱਸ ਸ਼ੇਰਗਿੱਲ, ਸਕੱਤਰ ਰੱਖਿਆ ਸੈਨਾਵਾਂ ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਰੱਖਿਆ ਸੈਨਾਵਾਂ ਬ੍ਰਿਗੇਡੀਅਰ ਸਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਉਪ ਕੁਲਪਤੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਜੇ.ਐੱਸ. ਚੀਮਾ ਅਤੇ ਮੁੱਖ ਮੰਤਰੀ ਦੇ ਸਕੱਤਰ (ਸਿਆਸੀ) ਮੇਜਰ ਅਮਰਦੀਪ ਸਿੰਘ ਵੀ ਹਾਜ਼ਰ ਸਨ।