ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਿਸਾਨਾਂ ਦੇ ਮਾਮਲੇ ’ਤੇ ਭਾਜਪਾ ਦੇ ‘ਬਲੈਕਮੇਲ’ ਅੱਗੇ ਆਤਮ-ਸਮਰਪਣ ਕਰ ਦਿੱਤਾ ਹੈ ਤੇ ਹੁਣ ਬੁਜ਼ਦਿਲੀ ਲੁਕਾਉਣ ਲਈ ਦਲੇਰੀ ਦਿਖਾ ਤੇ ਗਲਤ ਸ਼ਬਦ ਵਰਤ ਰਹੇ ਹਨ। ਸੁਖਬੀਰ ਮੁਤਾਬਕ ਅਮਰਿੰਦਰ ਸਿੰਘ ਨੂੰ ਦਿੱਲੀ ਸੱਦ ਕੇ ਕਥਿਤ ਤੌਰ ’ਤੇ ਇਹ ਆਖਿਆ ਗਿਆ ਸੀ ਕਿ ਉਹ ਈਡੀ ਦਾ ਸਾਹਮਣਾ ਜਾਂ ਕਿਸਾਨਾਂ ਨਾਲ ਧੋਖਾ ਕਰਨ ਵਿੱਚੋਂ ਇੱਕ ਚੁਣ ਲੈਣ। ਇਸ ਲਈ ਉਨ੍ਹਾਂ ਨੇ ਅਮਿਤ ਸ਼ਾਹ ਨਾਲ ਮੀਟਿੰਗ ਵਿੱਚੋਂ ਬਾਹਰ ਆਉਂਦਿਆਂ ਹੀ ਪਹਿਲਾ ਬਦਲ ਚੁਣਿਆ ਤੇ ਕਿਸਾਨਾਂ ਨੂੰ ਸੰਘਰਸ਼ ਖ਼ਤਮ ਕਰਨ ਵਾਸਤੇ ਆਖਦਿਆਂ ਇਸ ਸ਼ਾਂਤੀਪੂਰਨ ਅੰਦੋਲਨ ਤੋਂ ਕੌਮੀ ਸੁਰੱਖਿਆ ਨੂੰ ਖ਼ਤਰਾ ਦੱਸਿਆ।