ਚਰਨਜੀਤ ਭੁੱਲਰ
ਚੰਡੀਗੜ੍ਹ, 8 ਸਤੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਖਾਨਸਾਮੇ ਵਜੋਂ ਪਕਵਾਨ ਤਿਆਰ ਕਰਕੇ ਅੱਜ ਓਲੰਪੀਅਨ ਖਿਡਾਰੀਆਂ ਦੇ ਦਿਲ ਜਿੱਤ ਲਏ। ਅਮਰਿੰਦਰ ਦੀ ਮੇਜ਼ਬਾਨੀ ਨੇ ਇਨ੍ਹਾਂ ਖਿਡਾਰੀਆਂ ਦੇ ਪਲਾਂ ਨੂੰ ਆਨੰਦਮਈ ਬਣਾ ਦਿੱਤਾ। ਕੈਪਟਨ ਨੇ ਆਪਣੇ ਸਿਸਵਾਂ ਫਾਰਮ ਹਾਊਸ ’ਤੇ ਕਰੀਬ ਛੇ ਘੰਟੇ ਲਗਾ ਕੇ ਖੁਦ ਇਨ੍ਹਾਂ ਖਿਡਾਰੀਆਂ ਲਈ ਪਕਵਾਨ ਤਿਆਰ ਕੀਤੇ। ਉਨ੍ਹਾਂ ਨੇ ਓਲੰਪੀਅਨ ਖਿਡਾਰੀਆਂ ਨੂੰ ਅੱਜ ਆਪਣੇ ਫਾਰਮ ਹਾਊਸ ’ਤੇ ਦਾਅਵਤ ਦਿੱਤੀ। ਇਸ ਮੌਕੇ ਕਈ ਖਿਡਾਰੀਆਂ ਦੀ ਟਿੱਪਣੀ ਸੀ, ‘ਅਸੀਂ ਤਗਮੇ ਜਿੱਤੇ, ਮੁੱਖ ਮੰਤਰੀ ਨੇ ਦਿਲ ਜਿੱਤ ਲਏ’। ਮੁੱਖ ਮੰਤਰੀ ਨੇ ਸੂਬੇ ਦੇ ਓਲੰਪੀਅਨਾਂ ਅਤੇ ਨੇਜ਼ਾ ਸੁਟਾਵੇਂ ਨੀਰਜ ਚੋਪੜਾ ਨਾਲ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਦਾਅਵਤ ਦੇ ਕੇ ਸਾਕਾਰ ਕੀਤਾ ਗਿਆ। ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਟਿੱਪਣੀ ਕੀਤੀ ਕਿ ‘ਮਹਾਰਾਜੇ ਦਾ ਖਾਣਾ ਉਮੀਦਾਂ ਤੋਂ ਕਿਤੇ ਵੱਧ ਸੁਆਦਲਾ ਸੀ।’ ਡਿਸਕਸ ਥਰੋਅ ਕਮਲਪ੍ਰੀਤ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਖਾਣੇ ਬਣਾਉਣ ਅਤੇ ਪ੍ਰਾਹੁਣਚਾਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਨੀਰਜ ਚੋਪੜਾ ਨੇ ਵੀ ਕਿਹਾ, ‘ਇਹ ਸ਼ਾਨਦਾਰ ਭੋਜਨ ਸੀ।’