ਦਵਿੰਦਰ ਪਾਲ
ਚੰਡੀਗੜ੍ਹ, 29 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਯੂਥ ਕਾਂਗਰਸ ਨੂੰ ਬਰਗਾੜੀ ਕੇਸ ਦੀ ਜਾਣਕਾਰੀ ਦੇਣ ਵਾਸਤੇ ਅਫ਼ਸਰ ਦੀ ਡਿਊਟੀ ਲਾਉਣ ਦੇ ਫ਼ੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਰਗਾੜੀ ਬੇਅਦਬੀ ਕੇਸ ਇੱਕ ਗੰਭੀਰ ਕੇਸ ਹੈ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਦੀ ਜਾਣਕਾਰੀ ਯੂਥ ਕਾਂਗਰਸ ਨੂੰ ਦੇਣ ਵਾਸਤੇ ਅਫ਼ਸਰਾਂ ਦੀ ਤਾਇਨਾਤੀ ਕਰਨ ਦੀ ਜਾਣਕਾਰੀ ਦਿੰਦਾ ਸਰਕਾਰੀ ਪ੍ਰੈੱਸ ਬਿਆਨ ਜਾਰੀ ਕਰ ਕੇ ਇਸ ਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਸਮਰਥਕ ਵੀਰਪਾਲ ਕੌਰ, ਜਿਸਨੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ, ਦੀ ਹਮਾਇਤ ਕਰਨੀ ਛੱਡ ਦਿੱਤੀ ਹੈ ਤੇ ਹੁਣ ਇਹ ਡਿਊਟੀ ਪੰਜਾਬ ਯੂਥ ਕਾਂਗਰਸ ਨੂੰ ਸੌਂਪੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਰਗਾੜੀ ਬੇਅਦਬੀ ਮਾਮਲੇ ’ਤੇ ਸਿਆਸਤ ਖੇਡਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ।
ਮੁੱਖ ਮੰਤਰੀ ਨੂੰ ਇਸ ਮਾਮਲੇ ’ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੰਦਿਆਂ ਡਾ. ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਵਾਲ ਵੀ ਕੀਤਾ ਕਿ ਉਹ ਕਿਹੜੀ ਸਮਰੱਥਾ ਵਿੱਚ ਅਫ਼ਸਰਾਂ ਨੂੰ ਯੂਥ ਕਾਂਗਰਸ ਨੂੰ ਰਿਪੋਰਟ ਕਰਨ ਵਾਸਤੇ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਇਹ ਕਹਿ ਰਹੇ ਹਨ ਕਿ ਸੀਬੀਆਈ ਕੇਸ ਦੀਆਂ ਫਾਈਲਾਂ ਨਹੀਂ ਮੋੜ ਰਹੀ ਤੇ ਬੇਅਦਬੀ ਕੇਸ ਦੀ ਜਾਂਚ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚਾਈ ਹੈ ਤਾਂ ਫਿਰ ਮੁੱਖ ਮੰਤਰੀ ਬੇਅਦਬੀ ਕੇਸਾਂ ਨੂੰ ਹੱਲ ਕਰਨ ਦਾ ਡਰਾਮਾ ਕਿਉਂ ਕਰ ਰਹੇ ਹਨ ਤੇ ਜਿਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਹੀ ਜ਼ਮਾਨਤ ਮਿਲ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਡੇਰੇ ਅਤੇ ਕਾਂਗਰਸ ਸਰਕਾਰ ਵਿਚਾਲੇ ਗੰਢਤੁੱਪ ਦਾ ਪਤਾ ਚੱਲਦਾ ਹੈ ਜਿਸ ਕਾਰਨ ਹੀ ਸਰਕਾਰ ਨੇ ਡੇਰਾ ਹਮਾਇਤੀਆਂ ਦੀ ਜ਼ਮਾਨਤ ਲੈਣ ’ਚ ਮਦਦ ਕੀਤੀ।
ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਯੂਥ ਕਾਂਗਰਸ ਨਾਲ ਇੱਕ ਮੀਟਿੰਗ ਕਰ ਕੇ ਜਥੇਬੰਦੀ ਨੂੰ ਦੱਸਣ ਕਿ ਉਹ ਆਪਣੇ ਘਰ-ਘਰ ਨੌਕਰੀ ਦੇ ਵਾਅਦੇ ਅਨੁਸਾਰ 50 ਲੱਖ ਨੌਕਰੀਆਂ ਦੇਣ ’ਚ ਫੇਲ੍ਹ ਕਿਉਂ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਆਪਣੀ ਗੱਡੀ ਆਪਣਾ ਰੁਜ਼ਗਾਰ ਤੇ ਯਾਰੀ ਐਂਟਰਪ੍ਰਾਈਜਿਜ਼ ਸਕੀਮ ਤਹਿਤ ਕਿੰਨੀਆਂ ਟੈਕਸੀਆਂ ਤੇ ਕਮਰਸ਼ੀਅਲ ਵਾਹਨ ਅਤੇ ਟਰੈਕਟਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਕੀ ਇੱਕ ਵੀ ਨੌਜਵਾਨ ਨੂੰ ਵਾਅਦੇ ਮੁਤਾਬਕ 2500 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ ਹੈ?