ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਪਰੈਲ
ਮੁਹਾਲੀ ਵਿੱਚ ਸੈਨਿਕ ਕਲਿਆਣ ਵਿਭਾਗ ਦੇ ਦਫ਼ਤਰ ਕੈਂਪਸ ਤੋਂ ਸ਼ਹੀਦ ਸੈਨਿਕਾਂ ਅਤੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਇਕ ਐਨਜੀਓ ਨੂੰ ਦਫ਼ਤਰ ਕੈਂਪਸ ਵਿੱਚੋਂ ਕੱਢੇ ਜਾਣ ’ਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ ਹੈ। ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਨੂੰ ਫੌਜ ਦਾ ਜਵਾਨ ਦੱਸਦੇ ਹਨ ਪਰ ਉਹ ਝੂਠੇ ਹਨ। ਜੇ ਉਹ ਸੱਚੇ ਫੌਜੀ ਹੁੰਦੇ ਤਾਂ ਉਨ੍ਹਾਂ ਨੂੰ ਸਰਹੱਦ ’ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਦੁੱਖ ਦਰਦ ਦਾ ਅਹਿਸਾਸ ਹੁੰਦਾ ਪਰ ਕੈਪਟਨ ਨੂੰ ਉਨ੍ਹਾਂ ਦੀਆਂ ਤਕਲੀਫਾਂ ਦਾ ਅਹਿਸਾਸ ਹੀ ਨਹੀਂ ਹੈ।
ਉਨ੍ਹਾਂ ਮੁਹਾਲੀ ਦੇ ਸੈਨਿਕ ਕਲਿਆਣ ਵਿਭਾਗ ਦੇ ਡਾਇਰੈਕਟਰ ਵੱਲੋਂ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਐਨਜੀਓ ਨੂੰ ਦਫ਼ਤਰ ਤੋਂ ਕੱਢੇ ਜਾਣ ’ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਉਸ ਐਨਜੀਓ ਦਾ ਕਸੂਰ ਸਿਰਫ਼ ਐਨਾ ਸੀ ਕਿ ਉਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀਆਂ ਸਮੱਸਿਆਵਾਂ ਦੱਸਣ ਲਈ ਚਿੱਠੀ ਲਿਖੀ ਸੀ। ਕੈਪਟਨ ਨੇ ਉਨ੍ਹਾਂ ਦੀ ਚਿੱਠੀ ’ਤੇ ਕਾਰਵਾਈ ਕਰਨ ਦੀ ਬਜਾਏ ਵਿਭਾਗ ਦੇ ਡਾਇਰੈਕਟਰ ਨੂੰ ਨਿਰਦੇਸ਼ ਦੇ ਕੇ ਐਨਜੀਓ ਕਾਰਕੁਨਾਂ ਨੂੰ ਦਫ਼ਤਰ ਕੈਂਪਸ ਵਿੱਚ ਘੁੰਮਣ ’ਤੇ ਰੋਕ ਲਗਾ ਦਿੱਤੀ। ਇਸ ਕਰ ਕੇ ਉਸ ਐਨਜੀਓ ਨੂੰ ਪਾਰਕ ਵਿੱਚ ਆਪਣਾ ਕੈਂਪ ਲਗਾਉਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਐਨਜੀਓ ਵੱਲੋਂ ਲਿਖੇ ਗਏ ਪੱਤਰ ’ਤੇ ਛੇਤੀ ਕਾਰਵਾਈ ਕਰਕੇ ਸੈਨਿਕ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇ।