ਗਗਨਦੀਪ ਅਰੋੜਾ
ਲੁਧਿਆਣਾ, 7 ਮਈ
ਸੜਕ ’ਤੇ ਸਾਮਾਨ ਵੇਚਣ ਵਾਲੇ ਵੰਸ਼ ਸਿੰਘ ਨਾਂ ਦੇ ਇਕ 10 ਸਾਲਾ ਬੱਚੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੇ ਪਰਿਵਾਰ ਲਈ ਤੁਰੰਤ 2 ਲੱਖ ਰੁਪਏ ਦੀ ਸਹਾਇਤਾ ਦੇਣ ਤੋਂ ਇਲਾਵਾ ਬੱਚੇ ਦੀ ਪੜ੍ਹਾਈ ਲਈ ਮੁਕੰਮਲ ਵਿੱਤੀ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਕਤ ਬੱਚਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਿਚ ਸਹਿਯੋਗ ਕਰਨ ਲਈ ਲੁਧਿਆਣਾ ਦੀਆਂ ਸੜਕਾਂ ’ਤੇ ਜੁਰਾਬਾਂ ਵੇਚਦਾ ਨਜ਼ਰ ਆ ਰਿਹਾ ਹੈ।
ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਪੜ੍ਹਾਈ ਛੱਡ ਚੁੱਕੇ ਵੰਸ਼ ਦਾ ਸਕੂਲ ਵਿਚ ਮੁੜ ਦਾਖ਼ਲਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਇਹ ਵੀ ਕਿਹਾ ਹੈ ਕਿ ਵੰਸ਼ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਉਠਾਇਆ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀਡੀਓ ਦੇਖੀ ਸੀ ਜਿਸ ਵਿਚ ਬੱਚਾ ਇਕ ਕਾਰ ਚਾਲਕ ਦੀ ਜੁਰਾਬਾਂ ਨਾਲੋਂ 50 ਰੁਪਏ ਵੱਧ ਦੇਣ ਦੀ ਪੇਸ਼ਕਸ਼ ਨੂੰ ਨਕਾਰਦਾ ਹੋਇਆ ਨਜ਼ਰ ਆ ਰਿਹਾ ਹੈ। ਉਪਰੰਤ ਕੈਪਟਨ ਅਮਰਿੰਦਰ ਨੇ ਵੰਸ਼ ਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਲੜਕੇ ਦੀ ਸਵੈਮਾਣ ਦੀ ਭਾਵਨਾ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਇਸ 10 ਸਾਲਾ ਬੱਚੇ ਦੀ ਵਾਇਰਲ ਹੋਈ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਅਤੇ ਇਸ ਸਬੰਧੀ ਲੱਖਾਂ ਲੋਕਾਂ ਦੀਆਂ ਟਿੱਪਣੀਆਂ ਆਈਆਂ ਸਨ। ਵੰਸ਼ ਦੇ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦੇ ਹਨ ਅਤੇ ਉਸ ਦੀ ਮਾਂ ਰਾਣੀ ਘਰੇਲੂ ਔਰਤ ਹੈ। ਵੰਸ਼ ਦੀਆਂ ਤਿੰਨ ਭੈਣਾਂ ਹਨ ਤੇ ਇਕ ਵੱਡਾ ਭਰਾ ਹੈ। ਉਸ ਦਾ ਪਰਿਵਾਰ ਹੈਬੋਵਾਲ ਖੇਤਰ ਵਿਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ।