ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਆਰਆਰ/ 11 ਸਿੱਖ ਦੇ ਸਿਪਾਹੀ ਲਵਪ੍ਰੀਤ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਲਵਪ੍ਰੀਤ ਸਿੰਘ 20 ਅਗਸਤ ਨੂੰ ਜੰਮੂ ਕਸ਼ਮੀਰ ਦੇ ਸੂਰਨਕੋਟ (ਪੁਣਛ ਸੈਕਟਰ) ’ਚ ਆਪਣੀ ਡਿਊਟੀ ਦੌਰਾਨ ਗਸ਼ਤ ਕਰਨ ਵੇਲੇ ਸ਼ਹੀਦ ਹੋ ਗਿਆ ਸੀ। ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਲਵਪ੍ਰੀਤ ਸਿੰਘ ਦਾ ਪੂਰਨ ਸਮਰਪਣ ਅਤੇ ਜਾਨ ਦੀ ਕੁਰਬਾਨੀ ਉਨ੍ਹਾਂ ਦੇ ਸਾਥੀ ਸੈਨਿਕਾਂ ਨੂੰ ਵਚਨਬੱਧਤਾ ਨਾਲ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਕਰੇਗੀ। ਸਿਪਾਹੀ ਲਵਪ੍ਰੀਤ ਸਿੰਘ ਬਟਾਲਾ ਦੇ ਪਿੰਡ ਮਾੜੀ ਟਾਂਡਾ ਵਾਸੀ ਸੀ, ਜੋ ਆਪਣੇ ਪਿੱਛੇ ਪਿਤਾ ਜਸਵਿੰਦਰ ਸਿੰਘ, ਮਾਤਾ ਰਵਿੰਦਰ ਕੌਰ ਅਤੇ ਸਿਪਾਹੀ ਭਰਾ ਮਨਪ੍ਰੀਤ ਸਿੰਘ ਛੱਡ ਗਿਆ ਹੈ।