ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਰੂ ਤੇਗ ਬਹਾਦਰ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਬਸੀ ਪਠਾਣਾਂ ਦੀ ਪੁਰਾਣੀ ਜੇਲ੍ਹ ਦਾ ਵਿਕਾਸ ਅਤੇ ਸੰਭਾਲ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਜਦੋਂ ਗੁਰੂ ਸਾਹਿਬ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਜਾ ਰਹੇ ਸਨ ਤਾਂ ਨੂਰ ਮੁਹੰਮਦ ਖਾਨ ਮਿਰਜ਼ਾ ਨੇ ਉਨ੍ਹਾਂ ਨੂੰ ਇੱਥੇ ਸਾਥੀਆਂ ਸਮੇਤ 40 ਦਿਨ ਨਜ਼ਰਬੰਦ ਰੱਖਿਆ ਸੀ।
ਇਸ ਦੌਰਾਨ ਕੈਪਟਨ ਨੇ ਆਨੰਦਪੁਰ ਸਾਹਿਬ ਵਿੱਚ ਦੋ ਕਰੋੜ ਦੀ ਲਾਗਤ ਨਾਲ ਗੁਰੂ ਤੇਗ ਬਹਾਦਰ ਅਜਾਇਬਘਰ ਦੇ ਨਵੀਨੀਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਅਜਾਇਬਘਰ ਦੀ ਦਿੱਖ ਨੂੰ ਨਵਾਂ ਰੂਪ ਦੇਣ ਦੇ ਨਾਲ-ਨਾਲ ਆਧੁਨਿਕ ਤਕਨਾਲੋਜੀ ਨਾਲ ਪਹਿਲੀ ਮੰਜ਼ਿਲ ਦਾ ਨਵੀਨੀਕਰਨ ਕੀਤਾ ਜਾਵੇਗਾ ਅਤੇ ਹੇਠਲੀ ਮੰਜ਼ਿਲ ’ਤੇ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਅਸਲ ਸਰੂਪ ਬਰਕਰਾਰ ਰੱਖਿਆ ਜਾਵੇਗਾ। ਪੰਜਾਬ ਵਿੱਚ ਗੁਰੂ ਤੇਗ ਬਹਾਦਰ ਨਾਲ ਸਬੰਧਤ ਇਹ ਇਕੋ-ਇਕ ਅਜਾਇਬ ਘਰ ਹੈ।
ਇਸ ਤੋਂ ਇਲਾਵਾ ਉਨ੍ਹਾਂ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖ਼ਾਲਸਾ ਨੇੜੇ 10 ਕਰੋੜ ਰੁਪਏ ਦੀ ਲਾਗਤ ਨਾਲ ਨੇਚਰ ਪਾਰਕ ਵਿਕਸਤ ਕਰਨ, ਬਾਬਾ ਬਕਾਲਾ ਪੰਚਾਇਤ ਦਾ ਦਰਜਾ ਵਧਾ ਕੇ ਨਗਰ ਪੰਚਾਇਤ ਕਰਨ, ਜ਼ਿਲ੍ਹਾ ਤਰਨ ਤਾਰਨ ਵਿੱਚ ਬਣਨ ਵਾਲੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਦਾ ਨੀਂਹ ਪੱਥਰ ਰੱਖਣ ਦਾ ਵੀ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਆਨੰਦਪੁਰ ਸਾਹਿਬ ਵਿੱਚ ਨਿਰਮਾਣ ਅਧੀਨ ਭਾਈ ਜੈਤਾ ਜੀ ਮੈਮੋਰੀਅਲ ਵਿੱਚ ਖੰਡਾ ਸਾਹਿਬ ਸੁਸ਼ੋਭਿਤ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਦੋ ਵੱਡੇ ਸ਼ਹਿਰਾਂ ਬਾਬਾ ਬਕਾਲਾ ਤੇ ਆਨੰਦਪੁਰ ਸਾਹਿਬ ਵਿੱਚ 20.50 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ 103 ਥਾਵਾਂ ਨੂੰ 50 ਲੱਖ ਰੁਪਏ ਪ੍ਰਤੀ ਪਿੰਡ ਅਤੇ ਇਕ ਕਰੋੜ ਰੁਪਏ ਪ੍ਰਤੀ ਸ਼ਹਿਰ ਦੀ ਗਰਾਂਟ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਦਿੱਤੀ ਗਈ ਹੈ।
ਅਰਦਾਸ ਵਿੱਚ ਵਰਚੁਅਲ ਤੌਰ ’ਤੇ ਸ਼ਾਮਲ ਹੋਏ ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ‘ਸਰਬੱਤ ਦੇ ਭਲੇ’ ਲਈ ਕੀਤੀ ਗਈ ਅਰਦਾਸ ਵਿਚ ਲੋਕਾਂ ਨਾਲ ਵਰਚੁਅਲ ਤੌਰ ’ਤੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਦਾ ਸਰੋਤ ਹੈ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਧਾਰਮਿਕ ਹਕੂਕ ਦੀ ਰਾਖੀ ਲਈ ਗੁਰੂ ਸਾਹਿਬ ਦੀ ਕੁਰਬਾਨੀ ਨੇ ਦੁਨੀਆਂ ਲਈ ਮਿਸਾਲ ਕਾਇਮ ਕੀਤੀ ਹੈ।