ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਨਵੰਬਰ
ਮੋਗਾ ਦੀ ਟਿਕਟੌਕ ਸਟਾਰ ਨੂਰ (5 ਸਾਲ) ਦੀ ਪ੍ਰਸਿੱਧੀ ਦਾ ਜਾਦੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਪਰਨੀਤ ਕੌਰ ’ਤੇ ਵੀ ਚੱਲਿਆ ਹੈ। ਉਹ ਨੰਨ੍ਹੀ ਸਟਾਰ ਤੋਂ ਇੰਨੇ ਪ੍ਰਭਾਵਿਤ ਹਨ ਕਿ ਉਨ੍ਹਾਂ ਨੂਰ ਤੇ ਉਸ ਦੀ ਭੈਣ ਨਾਲ ਆਪਣੀ ਚੰਡੀਗੜ੍ਹ ਵਿਚਲੀ ਰਿਹਾਇਸ਼ ਉੱਤੇ ਦੀਵਾਲੀ ਮੌਕੇ ਮੁਲਾਕਾਤ ਕੀਤੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨੂਰ ਦੇ ਨਾਮ ਨਾਲ ਪ੍ਰਸਿੱਧ ਬਾਲ ਕਲਾਕਾਰ ਨੂਰਪ੍ਰੀਤ ਕੌਰ ਅਤੇ ਉਸ ਦੀ ਭੈਣ ਜਸ਼ਨਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਦੋਵਾਂ ਨਾਲ ਹਾਸੇ-ਠੱਠੇ ਵਾਲੀਆਂ ਗੱਲਾਂ ਕਰਦਿਆਂ ਦੋਵਾਂ ਲੜਕੀਆਂ ਨੂੰ ਮਠਿਆਈ ਦੀ ਵੀ ਪੇਸ਼ਕਸ਼ ਕੀਤੀ। ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਨੂਰ ਨੂੰ ਮਿਲੇ ਅਤੇ ਉਸ ਨੂੰ ਦੀਵਾਲੀ ਦੀ ਵਧਾਈ ਦਿੱਤੀ। ਨੂਰ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਵਸਨੀਕ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਰੱਖੜੀ ਮੌਕੇ ਨੂਰ ਨੂੰ ਮਿਲਣ ਲਈ ਸਮਾਂ ਦਿੱਤਾ ਦਿੱਤਾ ਸੀ ਪਰ ਨੂਰ ਸਿਹਤ ਸਬੰਧੀ ਕਾਰਨਾਂ ਕਰਕੇ ਮਿਲਣ ਨਹੀਂ ਆ ਸਕੀ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਉਸ ਵੇਲੇ ‘ਸ਼ਗਨ’ ਭੇਜ ਕੇ ਦੀਵਾਲੀ ਦੀ ਪੂਰਬਲੀ ਸ਼ਾਮ ਮਿਲਣ ਦਾ ਮੁੜ ਸਮਾਂ ਦੇ ਦਿੱਤਾ ਸੀ।
ਦੋਵੇਂ ਭੈਣਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਤੋਂ ਸੁਖਦੀਪ ਸਿੰਘ ਅਤੇ ਵਰਨਦੀਪ ਸਿੰਘ ਵੀ ਹਾਜ਼ਰ ਸਨ। ਇਹ ਦੋਵੇਂ ਨੌਜਵਾਨ ਨੂਰ ਦੇ ਵੀਡੀਓ ਕਲਿਪ ਰਿਕਾਰਡ ਕਰਕੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਪਲੋਡ ਕਰਦੇ ਹਨ।