ਪਾਲ ਸਿੰਘ ਨੌਲੀ
ਜਲੰਧਰ, 16 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਿਰਤੀਆਂ ਦਾ ਰਾਜ ਲਿਆਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਉੱਜੜ ਰਿਹਾ ਹੈ। ਪੰਜਾਬ ਵਿਚ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ, ਅਕਾਲੀ ਦਲ ਬਾਦਲ ਤੇ ਭਾਜਪਾ ਵਾਰੀ-ਵਾਰੀ ਲੋਕਾਂ ਨੂੰ ਲੁੱਟ ਰਹੇ ਹਨ। ਜਥੇਦਾਰ ਰਣਸੀਂਹ ਨੇ ਕਿਹਾ ਕਿ 1984 ਤੋਂ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਮੁੱਖ ਮੰਤਰੀ ਬਣੇ ਪਰ ਉਹ ਪੰਥ ਤੇ ਪੰਜਾਬ ਦਾ ਇਕ ਮਸਲਾ ਦੱਸ ਦੇਣ ਜਿਹੜਾ ਉਨ੍ਹਾਂ ਨੇ ਸੱਤਾ ਵਿੱਚ ਆ ਕੇ ਹੱਲ ਕਰਵਾਇਆ ਹੋਵੇ। ਬਾਦਲ ਪਰਿਵਾਰ ਜਦੋਂ ਵੀ ਸੱਤਾ ਤੋਂ ਬਾਹਰ ਰਹਿੰਦਾ ਹੈ ਉਦੋਂ ਹੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਟਕਰਾਅ ਵਾਲੀ ਸਥਿਤੀ ਖੜ੍ਹੀ ਕੀਤੀ ਜਾਂਦੀ ਹੈ। ਅਜਿਹਾ ਮਾਹੌਲ ਪੈਦਾ ਕਰਕੇ ਸਿੱਖਾਂ ਤੇ ਸਿੱਖੀ ਦਾ ਨੁਕਸਾਨ ਹੋਇਆ ਪਰ ਬਾਦਲ ਨੇ ਮੁੱਖ ਮੰਤਰੀ ਦੀ ਕੁਰਸੀ ਬੜੀ ਆਸਾਨੀ ਨਾਲ ਪ੍ਰਾਪਤ ਕੀਤੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਬਾਦਲਾਂ ਦਾ ਕਬਜ਼ਾ ਹਟਾਉਣ ਲਈ ਲੋਕਾਂ ਨੂੰ ਇਕਜੁੱਟ ਹੋਣਾ ਪਵੇਗਾ। ਉਨ੍ਹਾਂ ਸਪੱਸ਼ਟ ਕਿਹਾ ਕਿ ਜਦੋਂ ਤੱਕ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੀ ਅਜ਼ਾਏਦਾਰੀ ਤੋਂ ਮੁਕਤ ਨਹੀਂ ਹੁੰਦੀ ਉਦੋਂ ਤਕ ਨਾ ਪੰਥ ਦਾ ਭਲਾ ਹੋਵੇਗਾ ਤੇ ਨਾ ਹੀ ਪੰਜਾਬ ਦਾ।